ਅਹਿਮਦਾਬਾਦ: ਸੰਜੇ ਲੀਲਾ ਭੰਸਾਲੀ ਦੀ ਵਿਵਾਦਤ ਫ਼ਿਲਮ 'ਪਦਮਾਵਤ' ਦੀ ਰਿਲੀਜ਼ ਖ਼ਿਲਾਫ਼ ਰਾਜਪੂਤ ਭਾਈਚਾਰੇ ਦੇ ਲੋਕਾਂ ਨੇ ਗੁਜਰਾਤ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਤੇ ਸੜਕਾਂ ਨੂੰ ਜਾਮ ਕਰ ਦਿੱਤਾ। ਬੱਸਾਂ ਵਿੱਚ ਭੰਨ-ਤੋੜ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ। ਉੱਤਰੀ ਗੁਜਰਾਤ ਦੇ ਇਲਾਕੇ ਵਿੱਚ ਬੱਸਾਂ ਬੰਦ ਕਰ ਦਿੱਤੀਆਂ ਗਈਆਂ।
ਸੂਬੇ ਦੇ ਮੰਤਰੀ ਭੂਪੇਂਦਰ ਸਿੰਘ ਚੁਡਾਸਮਾ ਨੇ ਕਿਹਾ ਕਿ ਅਜਿਹੇ ਪ੍ਰਦਰਸ਼ਨ ਸੁਭਾਵਕ ਹਨ ਤੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸਰਕਾਰ ਕਾਨੂੰਨੀ ਰਾਹ ਦੀ ਭਾਲ ਕਰ ਰਹੀ ਹੈ। ਜੀਆਰਟੀਸੀ ਨੇ ਸੂਬੇ ਦੇ ਉੱਤਰੀ ਹਿੱਸਿਆਂ ਵਿੱਚ ਆਪਣੀਆਂ ਬੱਸ ਸੇਵਾਵਾਂ 'ਤੇ ਰੋਕ ਲਾ ਦਿੱਤੀ ਹੈ।
ਪੁਲਿਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਅਹਿਮਦਾਬਾਦ-ਇੰਦੌਰ ਤੇ ਬਨਾਸਕਾਂਠਾ ਨੂੰ ਰਾਜਸਥਾਨ ਨਾਲ ਜੋੜਨ ਵਾਲੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਹਨ। ਸੂਬੇ ਦੇ ਡੀਜੀਪੀ ਨੇ ਰਿਜ਼ਰਵ ਪੁਲਿਸ ਫੋਰਸ ਮੰਗਵਾ ਲਈ ਹੈ।