ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ 'ਤੇ ਹਮਲੇ ਤੋਂ ਬਾਅਦ ਗਾਇਕ ਰਾਏ ਜੁਝਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜੁਝਾਰ ਨੂੰ 6 ਮਈ ਨੂੰ ਕਿਸੇ ਅਣਪਛਾਤੇ ਨੇ ਮੋਬਾਈਲ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪਿਛਲੇ ਮਹੀਨੇ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ।

 

ਜਲੰਧਰ ਨਾਲ ਸਬੰਧਤ ਗਾਇਕ ਰਾਏ ਜੁਝਾਰ ਨੇ ਇਸ ਸਬੰਧੀ ਖਰੜ ਸਿਟੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ਨੇ ਦੱਸਿਆ ਕਿ 6 ਮਈ ਨੂੰ ਉਹ ਆਪਣੇ ਗਰੁੱਪ ਸਮੇਤ ਗੀਤ ਦੀ ਰਿਕਾਰਡਿੰਗ ਸਬੰਧੀ ਖਰੜ ਆਇਆ ਸੀ। ਇਸ ਦੌਰਾਨ ਉਸ ਨੂੰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਕਿਸੇ ਅਣਪਛਾਤੇ ਨੇ ਫੋਨ ਕਰਕੇ ਅਪਸ਼ਬਦ ਬੋਲੇ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਗਾਇਕ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਪੁਲਿਸ ਨੂੰ 181 ਨੰਬਰ ’ਤੇ ਵੀ ਸੂਚਿਤ ਕਰ ਦਿੱਤਾ ਸੀ। ਸ਼ਿਕਾਇਤ ਵਿੱਚ ਗਾਇਕ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਖਰੜ ਸਿਟੀ ਥਾਣੇ ਦੇ ਐਸ.ਐਚ.ਓ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਫੋਨ ਕਾਲਾਂ ਦਾ ਵੇਰਵਾ ਕਢਵਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।