ਚੰਡੀਗੜ੍ਹ: ਪੰਜਾਬੀ ਬੀਟਸ ਕਦੇ ਤੁਹਾਨੂੰ ਬੈਠਣ ਨਹੀਂ ਦਿੰਦੀ। ਪੰਜਾਬੀ ਗਾਣੇ ਤੁਹਾਨੂੰ ਨੱਚਣ ਲਈ ਮਜਬੂਰ ਵੀ ਕਰ ਹੀ ਦਿੰਦੇ ਹਨ। ਪੰਜਾਬੀ ਮਿਊਜ਼ਿਕ ਦਾ ਅੱਜ ਪੂਰੀ ਦੁਨੀਆਂ 'ਤੇ ਰਾਜ ਹੈ। ਡਿਸਕੋ ਤੋਂ ਲੈ ਕੇ ਪੱਬ, ਡੀਜੇ ਪਾਰਟੀਆਂ, ਕਾਲਜ ਦੇ ਫੈਸਟਾਂ ਤੋਂ ਲੈ ਕੇ ਵਿਆਹ ਦੀ ਪਾਰਟੀ ਤੱਕ, ਹਰ ਜਗ੍ਹਾ ਪਾਲੀਵੁੱਡ ਗਾਣੇ ਦੀ ਗੂੰਜ ਹੈ। ਜੇ ਗੱਲ ਕਰੀਏ ਬਾਲੀਵੁੱਡ ਦੀ, ਤਾਂ ਬਹੁਤ ਸਾਰੇ ਅਜਿਹੇ ਪੰਜਾਬੀ ਗਾਣੇ ਹਨ ਜੋ ਬਾਲੀਵੁੱਡ ਨੇ ਬਣਾਏ ਨਹੀਂ ਪਰ ਉਨ੍ਹਾਂ ਨੂੰ ਰੀਮੇਕ ਕਰਕੇ ਵਰਤਿਆ ਹੈ। ਇਹ ਨੇ ਬਾਲੀਵੁੱਡ ਦੇ ਹਿੱਟ ਗੀਤ ਜਿਹੜੇ ਪੰਜਾਬੀ ਇੰਡਸਟਰੀ ਦੇ ਰੀਮੇਕ ਹਨ:

 

1. ਸੂਟ ਸੂਟ (ਹਿੰਦੀ ਮੀਡੀਅਮ)- ਇਹ ਗੀਤ ਇਰਫ਼ਾਨ ਖਾਨ ਦੀ 2017 ‘ਚ ਰਿਲੀਜ਼ ਹੋਈ ਫਿਲਮ ‘ਹਿੰਦੀ ਮੀਡੀਅਮ’ ਲਈ ਰੀਮੇਕ ਕੀਤਾ ਗਿਆ। ਅਸਲ ‘ਚ ਬਾਲੀਵੁੱਡ ਵਰਜ਼ਨ ਤੋਂ ਪਹਿਲਾਂ ਪੰਜਾਬੀ ਗਾਇਕ ਗੁਰੂ ਰੰਧਾਵਾ ਇਸ ਗੀਤ ਨੂੰ ਰਿਲੀਜ਼ ਕਰ ਚੁੱਕੇ ਹਨ। ‘ਇਸ਼ਕ ਤੇਰਾ ਤੜਪਾਵੇ’ ਗਾਣਾ ‘ਪ੍ਰਿੰਸ ਆਫ਼ ਭੰਗੜਾ’ ਪੌਪ ਗਾਇਕ ਸੁਖਬੀਰ ਦੇ 9੦ ਦੇ ਹਿੱਟ ਗੀਤ ਜੋ ਹਰ ਪਾਰਟੀ ਦੀ ਪਲੇਲਿਸਟ ‘ਚ ਸ਼ਾਮਲ ਸੀ। ਇਹ ਗਾਣਾ ਵੀ ਇਸੇ ਫ਼ਿਲਮ `ਚ ਰੀਮੇਕ ਕੀਤਾ ਗਿਆ।

2. ਕਾਲਾ ਚਸ਼ਮਾ (ਬਾਰ ਬਾਰ ਦੇਖੋ)-ਅਮਰ ਅਰਸ਼ੀ ਦੇ ਭੰਗੜਾ ਪੌਪ ਗੀਤ ਦਾ ਰੀਮੇਕ ਵਰਜ਼ਨ ਹੈ। ਅਸਲ `ਚ ਇਹ ਗਾਣਾ 2005 ‘ਚ ਰਿਲੀਜ਼ ਹੋਇਆ ਸੀ।

3. ਪਟੋਲਾ (ਬਲੈਕਮੇਲ)- ਗੁਰੂ ਰੰਧਾਵਾ ਦੇ 'ਜਦੋਂ ਨਿਕਲੇ ਪਟੋਲਾ ਬਣਕੇ' ਗਾਣੇ ਨੂੰ ਹਾਲ ‘ਚ ਇਰਫਾਨ ਖਾਨ ਦੀ ਰਿਲੀਜ਼ ਹੋਈ ਫਿਲਮ ਬਲੈਕਮੇਲ ਲਈ ਦੁਬਾਰਾ ਬਣਾਇਆ ਹੈ। ਗਾਣੇ ਦੇ ਨਵੇਂ ਵਰਜ਼ਨ ਵਿੱਚ ਬੋਹੀਮੀਆ ਦਾ ਰੈਪ ਨਹੀਂ। ਫਿਰ ਵੀ ਗਾਣਾ ਸੁਪਰ ਹਿੱਟ ਹੋਇਆ। ਬਾਲੀਵੁੱਡ ਵਿੱਚ ਧੂਮਾਂ ਮਚਾਉਣ ਵਾਲਾ ‘ਬਣ ਜਾ ਤੂੰ ਮੇਰੀ ਰਾਨੀ’ ਗੀਤ ਵੀ ਗੁਰੂ ਰੰਧਾਵਾ ਇੱਕ ਸਾਲ ਪਹਿਲਾਂ ਹੀ ਰਿਲੀਜ਼ ਕਰ ਚੁੱਕੇ ਹਨ।

4. ਸੈਟਰਡੇ-ਸੈਟਰਡੇ (ਹਮਪਟੀ ਸ਼ਰਮਾ ਕੀ ਦੁਲਹਨੀਆ)- 2014 ਦਾ ਪਾਰਟੀ ਸੌਂਗ ਬਣਿਆ ਇਹ ਗੀਤ ਅਸਲ ‘ਚ ਇੰਦੀਪ ਬਕਸ਼ੀ ਨੇ ਦੋ ਸਾਲ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਸੀ।

5. ਸਾਡੀ ਗਲੀ (ਤਨੁ ਵੈਡਸ ਮਨੂ)- ਹਰ ਵਿਆਹ-ਸ਼ਾਦੀ ਦੀ ਪਾਰਟੀ ‘ਤੇ ਵੱਜਣ ਵਾਲਾ ‘ਸਾਡੀ ਗਲੀ’ ਗਾਣਾ ਪੰਜਾਬੀ ਗਾਇਕ ਆਰਡੀਬੀ ਨੇ ਗਾਇਆ ਸੀ।

6. ਹਾਈ ਹੀਲਸ (ਕੇ ਐਂਡ ਕਾ)- ਅਰਜੁਨ ਕਪੂਰ ਤੇ ਕਰੀਨਾ ਕਪੂਰ ਖਾਨ ਨੇ ਸਾਲ 2016 ‘ਚ ਆਪਣੇ ਇਸ ਗੀਤ ‘ਤੇ ਸਭ ਨੂੰ ਖੂਬ ਨਚਾਇਆ। ਇਸ ਗੀਤ ਨੂੰ ਹਨੀ ਸਿੰਘ ਨੇ 2012 ‘ਚ ਰਿਲੀਜ਼ ਕੀਤਾ ਸੀ।

7. ਸਮਝਾਵਾਂ (ਹਮਪਟੀ ਸ਼ਰਮਾ ਕੀ ਦੁਲਹਨੀਆ)- 5 ਸਾਲ ਪਹਿਲਾਂ ਰਾਹਤ ਫਤਹਿ ਅਲੀ ਖ਼ਾਨ ਨੇ ਆਪਣੀ ਐਲਬਮ ‘ਵਿਰਸਾ’ ਲਈ ਗਾਇਆ ਸੀ, ਜਿਸ ਨੂੰ ਬਾਅਦ `ਚ `ਹਮਪਟੀ ਸ਼ਰਮਾ ਕੀ ਦਲਹਨੀਆ` ਫ਼ਿਲਮ `ਚ ਯੂਜ਼ ਕੀਤਾ ਗਿਆ।

8. ਅੰਗਰੇਜ਼ੀ ਬੀਟ (ਕਾਕਟੇਲ)- ਸਾਨੂੰ ਕਾਕਟੇਲ ‘ਚ ਯੋ ਯੋ ਹਨੀ ਸਿੰਘ ਨੇ ਇਸ ਹਿੱਟ ਨੰਬਰ ‘ਤੇ ਵਰੋਨੀਕਾ ਨੇ ਖੂਬ ਨਚਾਇਆ ਤੇ ਇਸ ਗਾਣੇ ਦਾ ਓਰੀਜ਼ਨਲ ਗਾਇਆ ਸੀ ਗਿੱਪੀ ਗਰੇਵਾਲ ਤੇ ਹਨੀ ਸਿੰਘ ਨੇ। ਇਹ ਸਾਰੀਆਂ ਪਾਰਟੀਆਂ ਲਈ ਸਭ ਤੋਂ ਪਸੰਦੀਦਾ ਗੀਤ ਸੀ।

9. ਦਿਲ ਚੋਰੀ (ਸੋਨੂ ਕੇ ਟੀਟੂ ਕੀ ਸਵੀਟੀ)- ਪੰਜਾਬ ਦੇ ਸੂਫੀ ਗਾਇਕ, ਪਦਮਸ਼੍ਰੀ ਹੰਸ ਰਾਜ ਹੰਸ ਨੇ ਇਸ ਸੋਂਗ ਨੂੰ ਆਪਣੀ ਆਵਾਜ਼ ਦਿੱਤੀ ਸੀ, ਜੋ ਵੱਡਾ ਹਿੱਟ ਸੀ। ਹਨੀ ਸਿੰਘ ਨੇ ਬਾਲੀਵੁੱਡ ਲਈ ਇਸ ਗਾਣੇ ਨੂੰ ਨਵੀਂ ਬੀਟਸ ਨਾਲ ਦੁਬਾਰਾ ਬਣਾਇਆ ਤੇ ਕੀਤਾ ਆਪਣਾ ਕਮਬੈਕ।

10. ਗੁੜ ਨਾਲ ਇਸ਼ਕ ਮਿੱਠਾ (ਆਈ ਲਵ ਐਨ ਵਾਈ)- ਅੱਜ ਤਕ ਹਰ ਪੰਜਾਬੀ ਵਿਆਹ ਦੀ ਸ਼ਾਨ ਹੈ। ਬਾਲੀ ਸੱਗੂ ਤੇ ਮਲਕੀਤ ਸਿੰਘ ਦੇ ਇਸ ਸੌਂਗ ਨੂੰ ਬਾਲੀਵੁੱਡ ਫ਼ਿਲਮ ਲਈ ਰੀ-ਕ੍ਰਿਏਟ ਕੀਤਾ ਗਿਆ।

11. ਮੈਂ ਤੇਰਾ ਬੁਆਏ-ਫਰੈਂਡ (ਰਾਬਤਾ) – 2015 ‘ਚ ਜੇ-ਸਟਾਰ ਦਾ ਇਹ ਗੀਤ, ਬਾਲੀਵੁੱਡ ਨੇ 2017 ਚ ਫਿਲਮ ‘ਰਾਬਤਾ’ ਲਈ ਦੁਬਾਰਾ ਤਿਆਰ ਕੀਤਾ ਗਿਆ।

12. ਸੋਚ (ਏਅਰਲਿਫਟ)- ਕਈ ਲੋਕਾਂ ਨੂੰ ਪਤਾ ਨਹੀਂ ਸੀ ਕਿ ਇਸ ਗੀਤ ਦਾ ਪੰਜਾਬੀ ਵਰਜ਼ਨ ਪਹਿਲਾਂ ਹੀ ਮੌਜੂਦ ਹੈ ਤੇ ਪੰਜਾਬੀ ਸੰਗੀਤ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਸ ਨੂੰ ਹਾਰਡੀ ਸੰਧੂ ਨੇ 2013 ਵਿੱਚ ਬਣਾਇਆ ਸੀ, ਜੋ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਪਸੰਦ ਹੈ।

13. ਆਜਾ ਮਾਹੀ (ਸਿੰਘ ਇਜ਼ ਬਲਿੰਗ)- ਅਕਸ਼ੈ ਕੁਮਾਰ ਦੀ ਫ਼ਿਲਮ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ, ਇਹ ਗੀਤ ਆਰਡੀਬੀ ਵੱਲੋਂ ਕਈ ਸਾਲ ਪਹਿਲਾਂ ਗਾਇਆ ਗਿਆ ਸੀ।