ਨਵੀਂ ਦਿੱਲੀ: ਇੱਕ ਵਾਰ ਫਿਰ ਸੁਪਰ ਸਟਾਰ ਰਜਨੀਕਾਂਤ ਦੇ ਰਾਜਨੀਤੀ ਵਿੱਚ ਪੈਰ ਧਰਨ ਦੀਆਂ ਗੱਲਾਂ ਸਾਫ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਰਾਜਨੀਤਕ ਮੈਦਾਨ ਵਿੱਚ ਉੱਤਰਨ ਦੇ ਇਸ਼ਾਰੇ ਖ਼ੁਦ ਰਜਨੀਕਾਂਤ ਨੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਵਿੱਚ ਨਵੇਂ ਨਹੀਂ, ਹਾਂ ਐਲਾਨ ਵਿੱਚ ਦੇਰੀ ਹੋ ਗਈ ਹੈ, ਪਰ ਉਨ੍ਹਾਂ ਦਾ ਖੁੱਲ੍ਹੇ ਤੌਰ 'ਤੇ ਸਾਹਮਣੇ ਆਉਣਾ ਇੱਕ ਜਿੱਤੇ ਵਾਂਗ ਹੋਵੇਗਾ। ਰਜਨੀਕਾਂਤ ਨੇ ਕਿਹਾ ਕਿ ਉਹ 31 ਦਸੰਬਰ ਨੂੰ ਵੱਡਾ ਐਲਾਨ ਕਰਨਗੇ।


ਦਰਅਸਲ, ਰਜਨੀਕਾਂਤ ਇਸ ਤੋਂ ਪਹਿਲਾਂ ਕਈ ਵਾਰ ਰਾਜਨੀਤੀ ਵਿੱਚ ਆਉਣ ਦੇ ਇਸ਼ਾਰੇ ਦੇ ਚੁੱਕੇ ਹਨ। ਹਾਲ ਹੀ ਵਿੱਚ ਉਨ੍ਹਾਂ ਕਿਹਾ ਸੀ, "ਮੈਂ ਇਸ ਸਾਲ ਸਤੰਬਰ-ਅਕਤੂਬਰ ਵਿੱਚ ਆਪਣੇ ਫੈਨਜ਼ ਨਾਲ ਮੁਲਾਕਾਤ ਕਰਾਂਗਾ ਤੇ ਜਦ ਵੀ ਮੈਂ ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਵਾਂਗਾ, ਸਾਰੇ ਸਵਾਲਾਂ ਦੇ ਜਵਾਬ ਦਿਆਂਗਾ।" ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਜਨੀਕਾਂਤ ਤਮਿਲਨਾਡੂ ਦੇ ਕ੍ਰਿਸ਼ਮਈ ਇਨਸਾਨ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਜਨੀਕਾਂਤ ਨੇ ਚੇਨਈ ਵਿੱਚ ਪ੍ਰਸੰਸਕਾਂ ਦੀ ਭੀੜ ਨੂੰ ਕਿਹਾ ਸੀ ਕਿ ਉਹ ਰਾਜਨੀਤੀ ਵਿੱਚ ਚੰਗੇ ਲੀਡਰ ਮੌਜੂਦ ਹਨ, ਪਰ ਸਿਸਟਮ ਵਿੱਚ ਭ੍ਰਿਸ਼ਟਾਚਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਹ ਸਮਾਂ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਲਈ ਸਹੀ ਨਹੀਂ ਹੈ। ਉਹ ਇਹ ਵੀ ਕਹਿ ਚੁੱਕੇ ਹਨ ਕਿ ਜੇਕਰ ਭਗਵਾਨ ਦੀ ਮਰਜ਼ੀ ਹੋਈ ਤਾਂ ਮੈਂ ਰਾਜਨੀਤੀ ਵਿੱਚ ਜ਼ਰੂਰ ਆਵਾਂਗਾ। ਰਜਨੀਕਾਂਤ ਨੇ ਕਿਹਾ ਸੀ ਕਿ ਜਦ ਵੀ ਕੋਈ ਜੰਗ ਹੋਵੇਗੀ ਤਾਂ ਉਹ ਆਪਣੀ ਜਨਮ-ਭੂਮੀ ਦੀ ਰੱਖਿਆ ਲਈ ਤੁਰੰਤ ਅੱਗੇ ਆਉਣਗੇ।

https://twitter.com/ANI/status/945503800105648128