ਨਵੀਂ ਦਿੱਲੀ: ਯੌਨ ਸ਼ੋਸ਼ਨ ਵਰਗੇ ਮੁੱਦਿਆਂ 'ਤੇ ਔਰਤਾਂ ਦੇ ਹੋਰ ਖੁੱਲ੍ਹ ਕੇ ਬੋਲਣ ਨਾਲ ਇਸ ਸਾਲ ਨਾਰੀਵਾਦ ਬਹਿਸ ਦਾ ਕੇਂਦਰ ਰਿਹਾ ਪਰ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਮੰਨਣਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕੀ ਨਾਰੀਵਾਦ ਅਸਲ ਵਿੱਚ ਹੈ ਕੀ।


ਯੂਨੀਸੈਫ ਦੀ ਸਦਭਾਵਨਾ ਦੂਤ 35 ਸਾਲ ਦੀ ਅਦਾਕਾਰਾ ਦਾ ਮੰਨਣਾ ਹੈ ਕਿ ਲਿੰਗ ਸਮਾਨਤਾ ਦੇ ਖੇਤਰ ਵਿੱਚ ਜ਼ਿਆਦਾ ਗੱਲਾਂ ਹੋਈਆਂ ਹਨ ਪਰ ਕੰਮ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾਰੀਵਾਦ ਵਰਗੇ ਸ਼ਬਦਾਂ ਦੇ ਜ਼ਿਆਦਾ ਇਸਤੇਮਾਲ ਕਾਰਨ ਸ਼ਬਦ ਦਾ ਅਸਰ ਘਟਿਆ ਹੈ।

ਪ੍ਰਿਅੰਕਾ ਨੇ ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਮੁਹਿੰਮ ਚਲਾਈ ਗਈ ਹੈ ਪਰ ਇਹ ਸਿਰਫ਼ ਨਾਂ ਦੀ ਹੈ। ਸਾਨੂੰ ਹੋਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਸਾਡੇ ਮੁਲਕ ਤੇ ਦੁਨੀਆ ਵਿੱਚ ਕੁੜੀਆਂ ਨਾਲ ਦੂਜੇ ਦਰਜੇ ਦੇ ਨਾਗਰਿਕ ਦੇ ਤੌਰ 'ਤੇ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹਰ ਥਾਂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।"

ਉਨ੍ਹਾਂ ਕਿਹਾ ਕਿ ਨਾਰੀਵਾਦ ਉਸ ਹਾਲਤ ਨੂੰ ਕਾਬੂ ਕਰਨ ਦਾ ਜ਼ਰੀਆ ਹੈ ਪਰ ਇਹ ਇੱਕ ਨੈਗੇਟਿਵ ਸ਼ਬਦ ਬਣ ਗਿਆ ਹੈ। ਟੈਲੀਵਿਜ਼ਨ ਸ਼ੋਅ ਕਵਾਂਟਿਕੋ ਦੇ ਨਾਲ ਅਮਰੀਕਾ ਦੇ ਟੀਵੀ ਤੇ ਫਿਲਮ ਬੇਵਾਚ ਨਾਲ ਹੌਲੀਵੁਡ ਵਿੱਚ ਦਸਤਕ ਦੇਣ ਵਾਲੀ ਅਦਾਕਾਰਾ ਨੇ ਕਿਹਾ ਕਿ ਨਾਰੀਵਾਦ ਦਾ ਮਤਲਬ ਬਰਾਬਰੀ ਹੋ ਗਿਆ ਹੈ।