ਨਵੀਂ ਦਿੱਲੀ: ਪਿਛਲੇ ਦਿਨੀਂ ਹੋਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਦੁਬਈ 'ਚ ਅਕਸ਼ੈ ਕੁਮਾਰ ਅਤੇ ਰਜਨੀਕਾਂਤ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ '2.0' ਦਾ ਸੰਗੀਤ ਲਾਂਚ ਕੀਤਾ ਗਿਆ। ਪ੍ਰੋਗਰਾਮ 'ਚ ਫ਼ਿਲਮ ਨਾਲ ਜੁੜੇ ਸਾਰੇ ਕਲਾਕਾਰ ਪੁੱਜੇ ਸਨ।


ਅਕਸ਼ੈ ਕੁਮਾਰ ਅਤੇ ਰਜਨੀਕਾਂਤ ਦੀ ਆਉਣ ਵਾਲੀ ਫਿਲਮ 2.0 ਪ੍ਰਤੀ ਲੋਕਾਂ ਦਾ ਉਤਸ਼ਾਹ ਵਧਦਾ ਹੀ ਜਾ ਰਿਹਾ ਹੈ। ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਬੜੀ ਉਮੀਦ ਹੈ। ਅਜਿਹੇ 'ਚ ਫ਼ਿਲਮ ਬਣਾਉਣ ਵਾਲੇ ਵੀ ਚੋਖਾ ਮੁਨਾਫਾ ਕਮਾ ਰਹੇ ਹਨ।

ਫ਼ਿਲਮ ਦੇ ਨਿਰਦੇਸ਼ਕ ਸ਼ੰਕਰ ਸਿੰਘ ਮੁਤਾਬਕ ਫ਼ਿਲਮ ਦੇ ਸੈਟੇਲਾਇਜ ਰਾਇਟਸ 110 ਕਰੋੜ ਰੁਪਏ 'ਚ ਵਿਕ ਗਏ ਹਨ। ਇਹ ਰਕਮ ਫ਼ਿਲਮ ਦੇ ਤਿੰਨੇ ਭਾਸ਼ਾਵਾਂ ਹਿੰਦੀ, ਤਮਿਲ ਅਤੇ ਤੇਲਗੂ ਦਾ ਹੈ। ਇਸ ਤੋਂ ਇਲਾਵਾ ਫ਼ਿਲਮ ਨਿਰਮਾਤਾ ਨੇ 2.0 ਦੇ ਥਿਏਟ੍ਰਿਕਲ ਰਾਇਟਸ 80 ਕਰੋੜ ਰੁਪਏ 'ਚ ਵੇਚੇ ਹਨ ਮਤਲਬ ਕਿ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ 200 ਕਰੋੜ ਰੁਪਏ ਕਮਾ ਚੁੱਕੀ ਹੈ।

ਤੁਹਾਨੂੰ ਦੱਸ ਦੇਈਏ ਕਿ "2.0" ਦਾ ਬਜਟ 450 ਕਰੋੜ ਰੁਪਏ ਹੈ ਅਤੇ ਨਿਰਮਾਣ ਦੇ ਮਾਮਲੇ ਵਿੱਚ ਇਹ ਭਾਰਤ ਦੀ ਸੱਭ ਤੋਂ ਮਹਿੰਗੀ ਫ਼ਿਲਮ ਸਾਬਤ ਹੋਣ ਵਾਲੀ ਹੈ।

ਲਿਕਾ ਪ੍ਰੋਡਕਸ਼ਨ ਦੇ ਫਾਉਂਡਰ ਸੁਬਾਸਕਰਣ ਅਲੀਰਾਜਾ ਇਸ ਫ਼ਿਲਮ ਦੇ ਪ੍ਰੋਡਿਉਸਰ ਹਨ। ਇਸ 'ਚ ਅਕਸ਼ੈ ਕੁਮਾਰ ਅਤੇ ਰਜਨੀਕਾਂਤ ਤੋਂ ਇਲਾਵਾ ਐਮੀ ਜੈਕਸਨ, ਸੁਧਾਂਸ਼ੂ ਪਾਂਡੇ, ਆਦਿਲ ਹੁਸੈਨ ਅਤੇ ਰਿਆਜ਼ ਖਾਨ ਵੀ ਖਾਸ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ ਦੁਨੀਆ ਭਰ 'ਚ 7,000 ਪਰਦਿਆਂ 'ਤੇ ਰਿਲੀਜ਼ ਕੀਤੀ ਜਾਵੇਗੀ।