ਨਵੀਂ ਦਿੱਲੀ: ਕਾਲਾ ਹਿਰਣ ਮਾਮਲੇ ਵਿੱਚ ਦੋਸ਼ੀ ਤੇ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਦੇ ਕਤਲ ਦੀ ਸਾਜਿਸ਼ ਦਾ ਖੁਲਾਸਾ ਗੁਰੂਗ੍ਰਾਮ ਐਸਟੀਐਫ ਦੀ ਟੀਮ ਨੇ ਕੀਤਾ ਹੈ। ਦਰਅਸਲ, ਗੁਰੂਗ੍ਰਾਮ ਐਸਟੀਐਫ ਦੀ ਟੀਮ ਨੇ ਹੈਦਰਾਬਾਦ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਮੈਂਬਰ ਸੰਪਤ ਨੇਹਰਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਸੰਪਤ ਨੇਹਰਾ 'ਤੇ ਦੋ ਦਰਜਨ ਤੋਂ ਵੱਧ ਕਤਲ, ਹੱਤਿਆ ਦੀ ਕੋਸ਼ਿਸ਼ ਤੇ ਫਿਰੌਤੀ ਮੰਗਣ ਦੇ ਮਾਮਲੇ ਦਰਜ ਹਨ। ਗ੍ਰਿਫ਼ਤਾਰੀ ਤੋਂ ਬਾਅਦ ਸੰਪਤ ਨੇਹਰਾ ਤੋਂ ਐਸਟੀਐਫ ਦੀ ਟੀਮ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਇੱਕ ਵਾਰ ਟੀਮ ਦੇ ਹੋਸ਼ ਹੀ ਉੱਡ ਗਏ ਜਦੋਂ ਸੰਪਤ ਨੇਹਰਾ ਨੇ ਕਬੂਲਿਆ ਕਿ ਉਹ ਫ਼ਿਲਮ ਸਟਾਰ ਸਲਮਾਨ ਖ਼ਾਨ ਦੇ ਕਤਲਲ ਦੀ ਸਾਜਿਸ਼ ਰਚ ਰਿਹਾ ਸੀ।
ਐਸਟੀਐਫ ਦੀ ਟੀਮ ਮੁਤਾਬਕ ਸੰਪਤ ਨੇਹਰਾ ਨੇ ਕਬੂਲਿਆ ਕਿ ਉਹ ਸਲਮਾਨ ਖ਼ਾਨ ਦੇ ਕਤਲ ਲਈ ਦੋ ਦਿਨ ਤਕ ਉਸ ਦੇ ਘਰ ਦੀ ਰੇਕੀ ਵੀ ਕੀਤੀ ਸੀ। ਸਾਜਿਸ਼ ਕਿਸੇ ਵੀ ਤਰ੍ਹਾਂ ਨਾਲ ਨਾਕਾਮਯਾਬ ਨਾ ਹੋਵੇ ਇਸ ਲਈ ਨੇਹਰਾ ਸਲਮਾਨ ਦੇ ਆਉਣ ਜਾਣ ਦੇ ਸਮੇਂ ਤੇ ਸਕਿਓਰਿਟੀ ਦੀ ਜਾਣਕਾਰੀ ਵੀ ਜੁਟਾ ਰਿਹਾ ਸੀ। ਸੰਪਤ ਨੇਹਰਾ ਮਈ ਦੇ ਪਹਿਲੇ ਹਫ਼ਤੇ ਸਲਮਾਨ ਉਤੇ ਨਜ਼ਰ ਰੱਖਣ ਗਿਆ ਸੀ।
ਸੰਪਤ ਨੇਹਰਾ ਫੈਨ ਬਣ ਕੇ ਉਸ ਵਕਤ ਸਲਮਾਨ ਦੀ ਹੱਤਿਆ ਦੀ ਫਿਰਾਕ ਵਿੱਚ ਸੀ ਜਦ ਉਹ ਆਪਣੇ ਘਰ ਦੀ ਬਾਲਕਨੀ ਵਿੱਚ ਖੜ੍ਹਾ ਹੋ ਕੇ ਪ੍ਰਸ਼ੰਸਕਾਂ ਨਾਲ ਮਿਲਦਾ ਹੈ। ਇੰਨਾ ਹੀ ਨਹੀਂ ਫੈਨਜ਼ ਦੇ ਦਰਮਿਆਨ ਕਿੰਨਾ ਫਾਸਲਾ ਹੈ ਤੇ ਇਸ ਵਿੱਥ ਕਰਕੇ ਕਿਸ ਹਥਿਆਰ ਨਾਲ ਗੋਲ਼ੀ ਚਲਾਉਣੀ ਸਹੀ ਰਹੇਗੀ, ਇਸ ਬਾਰੇ ਵੀ ਸੰਪਤ ਨੇ ਰਿਸਰਚ ਕੀਤੀ ਹੋਈ ਸੀ। ਪਰ ਇਸ ਤੋਂ ਪਹਿਲਾਂ ਉਹ ਕਾਮਯਾਬ ਹੁੰਦਾ ਤਾਂ ਐਸਟੀਐਫ ਦੀ ਟੀਮ ਨੇ ਉਸ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ।
ਸਲਮਾਨ ਖ਼ਾਨ ਦੇ ਕਤਲ ਦੀ ਸਾਜਿਸ਼ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਉਸ ਸਮੇਂ ਦਿੱਤੀ ਧਮਕੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖ਼ਾਨ ਨੂੰ ਕਾਲਾ ਹਿਰਣ ਦੇ ਸ਼ਿਕਾਰ ਮਾਮਲੇ ਵਿੱਚ ਜਾਨੋਂ ਮਾਰਨ ਦੀ ਗੱਲ ਕਹੀ ਸੀ। ਫਿਲਹਾਲ ਸੰਪਤ ਨੇਹਰਾ ਦੀ ਗ੍ਰਿਫ਼ਤਾਰੀ ਨਾਲ ਸਲਮਾਨ ਖ਼ਾਨ ਦੀ ਹੱਤਿਆ ਦੀ ਸਾਜਿਸ਼ ਤਾਂ ਨਾਕਾਮਯਾਬ ਹੋ ਗਈ ਹੈ, ਪਰ ਇਸ ਸਾਜਿਸ਼ ਵਿੱਚ ਸੰਪਤ ਨੇਹਰਾ ਨਾਲ ਹੋਰ ਕੌਣ-ਕੌਣ ਸ਼ਾਮਲ ਸੀ, ਇਸ ਬਾਰੇ ਪੁਲਿਸ ਪਤਾ ਲਗਾ ਰਹੀ ਹੈ।