ਚੰਡੀਗੜ੍ਹ: ਪਨਵੇਲ ਦੇ ਵਾਜਾਪੁਰ ਵਿੱਚ ਬਣੇ ਸਲਮਾਨ ਖ਼ਾਨ ਦੇ ਫਾਰਮ ਹਾਊਸ ਸਬੰਧੀ ਨਵਾਂ ਵਿਵਾਦ ਸਾਹਮਣੇ ਆਇਆ ਹੈ। ਇੱਕ ਅਖ਼ਬਾਰ ਮੁਤਾਬਕ ਮਹਾਰਾਸ਼ਟਰ ਜੰਗਲਾਤ ਵਿਭਾਗ ਨੇ ਅਰਪਿਤਾ ਫਾਰਮਜ਼ ਦੇ ਵਾਤਾਵਰਨ ਆਡਿਟ ਬਾਅਦ ਖ਼ਾਨ ਪਰਿਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 2003 ਵਿੱਚ ਪਨਵੇਲ ਦੇ ਵਾਜਾਪੁਰ ਵਿੱਚ ਇਸ ਸਾਰੇ ਇਲਾਕੇ ਨੂੰ ਈਕੋ ਸੈਂਸਟਿਵ ਐਲਾਨਿਆ ਜਾ ਚੁੱਕਾ ਹੈ। ਇਸ ਤੋਂ ਬਾਅਦ ਉੱਥੇ ਕਿਸੇ ਤਰ੍ਹਾਂ ਦਾ ਵੀ ਨਿਰਮਾਣ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਅਮਰੀਕਾ ਤੋਂ ਪਰਤੇ ਕੇਤਨ ਕੱਕੜ ਨੇ ਸਲਮਾਨ ਖਾਨ ਤੇ ਉਸ ਦੇ ਪਰਿਵਾਰ ’ਤੇ ਇਲਜ਼ਾਮ ਲਾਇਆ ਸੀ ਕਿ ਉਹ ਉਸ ਨੂੰ ਪਨਵੇਲ ਸਥਿਤ ਫਾਰਮ ਹਾਊਸ ਦੇ ਗੁਆਂਢ ਦੀ ਜ਼ਮੀਨ ’ਤੇ ਘਰ ਨਹੀਂ ਬਣਾਉਣ ਦੇਣਾ ਚਾਹੁੰਦੇ ਤੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਅਰਪਿਤਾ ਫਾਰਮਜ਼ ’ਤੇ ਸੀਮੈਂਟ ਤੇ ਕੰਕਰੀਟ ਦਾ ਨਿਰਮਾਣ ਕਰ ਕੇ ਫਾਰੈਸਟ ਐਕਟ ਦੀ ਉਲੰਘਣਾ ਦਾ ਇਲਜ਼ਾਮ ਲੱਗਾ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਐਸਐਸ ਕਾਪਸੇ ਨੇ ਖਾਨ ਪਰਿਵਾਰ ਨੂੰ ਇਸ ਸਬੰਧੀ ਨੋਟਿਸ ਦਿੱਤਾ ਸੀ ਪਰ 11 ਦਿਨਾਂ ਅੰਦਰ ਹੀ ਵਾਜਾਪੁਰ ਤੋਂ ਕਾਪਸੇ ਦੀ ਬਦਲੀ ਹੋ ਗਈ ਸੀ।
ਕਾਪਸੇ ਨੇ 9 ਜੂਨ, 2018 ਨੂੰ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਨੋਟਿਸ ਭੇਜਿਆ ਸੀ। ਉਸ ਮੁਤਾਬਕ ਨਿਰਮਾਣ ਸੰਬਧੀ 7 ਦਿਨਾਂ ਅੰਦਰ ਖਾਨ ਪਰਿਵਾਰ ਨੂੰ ਜਵਾਬ ਦੇਣਾ ਸੀ। ਰਿਪੋਰਟਾਂ ਅਨੁਸਾਰ ਖਾਨ ਪਰਿਵਾਰ ਨੇ ਸੰਵੇਦਨਸ਼ੀਲ ਇਲਾਕੇ ਵਿੱਚ 9 ਹੋਰ ਨਿਰਮਾਣ ਕੀਤੇ ਹਨ। ਨੋਟਿਸ ਮੁਤਾਬਕ ਇਸ ਤੋਂ ਪਹਿਲਾਂ 21 ਨਵੰਬਰ, 2017 ਨੂੰ ਵੀ ਖਾਨ ਪਰਿਵਾਰ ’ਤੇ ਫਾਰੈਸਟ ਐਕਟ ਉਲੰਘਣ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਖਾਨ ਪਰਿਵਾਰ ’ਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਗੁਮਰਾਹ ਕਰਨ ਦੇ ਵੀ ਇਲਜ਼ਾਮ ਲੱਗੇ ਹਨ।