2008 ਵਿੱਚ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਦੀ ਜੋੜੀ ਦੀ ਆਈ ਹਾਸਰਸ ਫ਼ਿਲਮ 'ਸਿੰਘ ਇਜ਼ ਕਿੰਗ' ਦਾ ਅਗਲਾ ਭਾਗ ਬਣਨ ਜਾ ਰਿਹਾ ਹੈ। ਇਸ ਖ਼ਬਰ ਨਾਲ ਫ਼ਿਲਮ ਪ੍ਰੇਮੀ ਖ਼ੁਸ਼ ਤਾਂ ਜ਼ਰੂਰ ਹੋਣਗੇ ਪਰ ਆਉਣ ਵਾਲੀ ਫ਼ਿਲਮ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ।


ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਨਹੀਂ ਸਗੋਂ ਰਣਵੀਰ ਸਿੰਘ ਹੀਰੋ ਦਾ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਫ਼ਿਲਮ ਦੇ ਅਗਲੇ ਭਾਗ ਦੇ ਨਾਂ ਦੀ ਗੱਲ ਕਰੀਏ ਤਾਂ ਉਹ 'ਸ਼ੇਰ ਸਿੰਘ' ਦੱਸਿਆ ਜਾ ਰਿਹਾ ਹੈ।



ਫ਼ਿਲਮ ਦੇ ਨਿਰਮਾਤਾ ਸ਼ੈਲੇਂਦਰ ਸਿੰਘ ਹੋਣਗੇ। ਹਾਲ ਹੀ ਵਿੱਚ ਹੋਈ ਮੀਡੀਆ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ ਸੀ ਕਿ ਉਸ ਨੇ ਰਣਵੀਰ ਸਿੰਘ ਨੂੰ ਫ਼ਿਲਮ ਦੇ ਸੀਕੂਅਲ ਦੀ ਕਹਾਣੀ ਸੁਣਾਈ ਤਾਂ ਉਹ ਵਾਹਵਾ ਖੁਸ਼ ਹੋਇਆ ਸੀ। ਸ਼ੈਲੇਂਦਰ ਦਾ ਮੰਨਣਾ ਹੈ ਕਿ ਰਣਵੀਰ ਸਿੰਘ ਪਰਦੇ 'ਤੇ ਸਰਦਾਰ ਦੀ ਭੂਮਿਕਾ ਨੂੰ ਬਾਖ਼ੂਬੀ ਨਿਭਾਅ ਸਕਦੇ ਹਨ।

ਤਕਰੀਬਨ 9 ਸਾਲ ਬਾਅਦ ਆਉਣ ਜਾ ਰਹੇ ਸਿੰਘ ਇਜ਼ ਕਿੰਗ ਦੇ ਅਗਲੇ ਭਾਗ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਕੀ ਸਰਦਾਰ ਬਣੇ ਰਣਵੀਰ ਨੂੰ ਵੀ ਲੋਕ ਓਨਾਂ ਹੀ ਪਿਆਰ ਦੇਣਗੇ ਜਿੰਨਾ ਅਕਸ਼ੈ ਕੁਮਾਰ ਨੂੰ ਦਿੱਤਾ ਸੀ। ਦੱਸ ਦੇਈਏ ਕਿ ਰਣਵੀਰ ਸਿੰਘ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਦੇ ਜੀਵਨ 'ਤੇ ਆਧਾਰਤ ਫ਼ਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਅ ਰਹੇ ਹਨ।