ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਤੇ ਅਦਾਕਾਰ ਸ਼ੱਤਰੂਘਨ ਸਿਨ੍ਹਾ ਨੇ ਮੌਜੂਦ ਸਿਆਸੀ ਹਾਲਾਤ ਵੇਖ ਕੇ ਕਿਹਾ ਹੈ ਕਿ ਦੇਸ਼ ਵਿੱਚ ਜੋ ਮਾਹੌਲ ਚੱਲ ਰਿਹਾ ਹੈ, ਉਸ ਵਿੱਚ ਸਾਰੇ ਹੀ 'ਖ਼ਾਮੋਸ਼' ਹਨ। ਆਪਣੇ ਮਸ਼ਹੂਰ ਡਾਇਲੌਗ 'ਖ਼ਾਮੋਸ਼' 'ਤੇ ਸ਼ੱਤਰੂਘਨ ਨੇ ਕਿਹਾ, 'ਹੁਣ ਤਾਂ ਇੰਝ ਲੱਗਦਾ ਹੈ ਕਿ ਅਸੀਂ ਸਾਰੇ ਹੀ ਖ਼ਾਮੋਸ਼ ਹੋ ਗਏ ਹਾਂ।'


ਸਾਹਿਤ ਆਜਤਕ ਦੇ ਤੀਜੇ ਤੇ ਆਖਰੀ ਦਿਨ ਸ਼ੱਤਰੂਘਨ ਸਿਨ੍ਹਾ ਨੇ ਕਿਹਾ ਕਿ ਮੈਂ ਆਪਣੀ ਕਿਤਾਬ ਸਭ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਦਿੱਤੀ। ਪ੍ਰਧਾਨ ਮੰਤਰੀ ਨੂੰ ਇਸ ਲਈ ਨਹੀਂ ਦਿੱਤਾ ਕਿ ਉਦੋਂ ਤਕ ਇਹ ਆਈ ਨਹੀਂ ਸੀ। ਸਿਨ੍ਹਾ ਨੇ ਕਿਹਾ ਕਿ ਉਹ ਲਾਲ ਕ੍ਰਿਸ਼ਨ ਅਡਵਾਨੀ ਦੇ ਕਹਿਣ 'ਤੇ ਸਿਆਸਤ ਵਿੱਚ ਆਇਆ ਸੀ ਤੇ ਅਡਵਾਨੀ ਦੇ ਹੁਕਮ 'ਤੇ ਹੀ ਰਾਜੇਸ਼ ਖੰਨਾ ਵਿਰੁੱਧ ਚੋਣ ਮੈਦਾਨ ਵਿੱਚ ਉੱਤਰਿਆ ਸੀ ਪਰ ਹਾਲੀਆ ਚੋਣ ਹਾਰ ਜਾਣ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦੇ ਦਫ਼ਤਰ ਨਾ ਜਾਣ ਦੀ ਕਸਮ ਖਾਧੀ ਹੈ।

ਖਲਨਾਇਕ ਵਜੋਂ ਸਿਨੇਮਾ ਵਿੱਚ ਪਛਾਣ ਬਣਾਏ ਸ਼ੱਤਰੂਘਨ ਸਿਨ੍ਹਾ ਨੇ ਕਿਹਾ ਕਿ ਉਸ ਨੂੰ ਸ਼ੋਅਲੇ ਤੇ ਦੀਵਾਰ ਵਰਗੀਆਂ ਫ਼ਿਲਮਾਂ ਠੁਕਰਾ ਦੇਣ ਦਾ ਅੱਜ ਵੀ ਅਫ਼ਸੋਸ ਹੈ, ਪਰ ਇਸ ਗੱਲ ਦੀ ਖ਼ੁਸ਼ੀ ਵੀ ਹੈ ਕਿ ਇਨ੍ਹਾਂ ਫ਼ਿਲਮਾਂ ਨੇ ਉਸ ਦੇ ਦੋਸਤ ਅਮਿਤਾਭ ਬੱਚਨ ਨੂੰ ਸਦੀ ਦਾ ਮਹਾਨਾਇਕ ਬਣਾ ਦਿੱਤਾ। ਆਪਣੀ ਗ਼ਲਤੀ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੇ ਕਦੇ ਵੀ ਇਨ੍ਹਾਂ ਦੋਵੇਂ ਫ਼ਿਲਮਾਂ ਨੂੰ ਵੇਖਿਆ ਨਹੀਂ। ਸਿਨ੍ਹਾ ਨੇ ਨੌਜਵਾਨਾਂ ਦੇ ਨਾਂ ਸੰਦੇਸ਼ ਦਿੰਦਿਆਂ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਸਭ ਤੋਂ ਬਿਹਤਰ ਸਾਬਤ ਕਰ ਕੇ ਵਿਖਾਓ ਤੇ ਆਪਣੀ ਅਸਲੀਅਤ ਕਦੇ ਗੁਆਓ ਨਾ।