ਮੁੰਬਈ : ਬਾਲੀਵੁਡ ਦੇ ਸੁਪਰ ਸਟਾਰ ਸ਼ਾਹਰੁਖ ਖ਼ਾਨ ਨੂੰ ਆਪਣੇ ਜਨਮ ਦਿਨ ਦੇ ਅਗਲੇ ਦਿਨ ਮਹਾਰਾਸ਼ਟਰ ਦੇ ਇਕ ਐੱਮਐੱਲਸੀ ਤੋਂ ਕਾਫੀ ਝਾੜਾਂ ਪਈਆਂ। ਮੁੰਬਈ ਦੇ ਗੁਆਂਢੀ ਜ਼ਿਲ੍ਹੇ ਰਾਏਗੜ੍ਹ ਦੇ ਮਸ਼ਹੂਰ ਸੈਲਾਨੀ ਸਥਾਨ ਅਲੀਬਾਗ਼ ਜਾਣ ਵਿਚ ਸ਼ਾਹਰੁਖ ਖ਼ਾਨ ਦੇ ਕਾਰਨ ਦੇਰੀ ਹੋਣ 'ਤੇ ਐੱਮਐੱਲਸੀ ਜਯੰਤ ਪਾਟਿਲ ਭੜਕ ਗਏ।
ਪੀਜੈਂਟਸ ਐਂਡ ਵਰਕਸ ਪਾਰਟੀ ਦੇ ਜਨਰਲ ਸਕੱਤਰ ਪਾਟਿਲ ਨੇ ਸ਼ਾਹਰੁਖ 'ਤੇ ਭੜਕਦੇ ਹੋਏ ਕਿਹਾ, 'ਤੁਸੀਂ ਸੁਪਰਸਟਾਰ ਹੋਵੋਗੇ, ਪਰ ਕੀ ਤੁਸੀਂ ਪੂਰਾ ਅਲੀਬਾਗ਼ ਖ਼ਰੀਦ ਲਿਆ ਹੈ। ਤੁਸੀਂ ਮੇਰੀ ਮਰਜ਼ੀ ਦੇ ਬਗੈਰ ਅਲੀਬਾਗ਼ ਵਿਚ ਵੜ ਨਹੀਂ ਸਕਦੇ।'ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਘਟਨਾ 3 ਨਵੰਬਰ ਦੀ ਹੈ। ਮੁੰਬਈ ਦੇ ਗੇਟਵੇ ਆਫ ਇੰਡੀਆ ਦੀ ਜੈੱਟੀ ਤੋਂ ਅਲੀਬਾਗ਼ ਦੇ ਐੱਮਐੱਲਸੀ ਜਯੰਤ ਪਾਟਿਲ ਨੂੰ ਆਪਣੇ ਖੇਤਰ ਅਲੀਬਾਗ਼ ਜਾਣਾ ਸੀ ਪਰ ਉਨ੍ਹਾਂ ਨੂੰ ਸ਼ਾਹਰੁਖ ਖ਼ਾਨ ਕਾਰਨ ਦੇਰੀ ਹੋ ਰਹੀ ਸੀ, ਕਿਉਂਕਿ 2 ਨਵੰਬਰ ਨੂੰ 52 ਸਾਲਾਂ ਦੇ ਹੋਏ ਸ਼ਾਹਰੁਖ ਆਪਣੇ ਜਨਮ ਦਿਨ ਦੀ ਪਾਰਟੀ ਲਈ ਅਲੀਬਾਗ਼ ਜਾਣ ਵਾਲੇ ਸਨ ਅਤੇ ਉਨ੍ਹਾਂ ਦੀ ਜੈੱਟੀ ਐੱਮਐੱਲਸੀ ਦੀ ਜੈੱਟੀ ਤੋਂ ਅੱਗੇ ਲੱਗੀ ਹੋਈ ਸੀ।
ਸ਼ਾਹਰੁਖ ਨੂੰ ਉਸ ਜੈੱਟੀ ਤੋਂ ਆਪਣੀ ਨਿੱਜੀ ਯਾਟ (ਇਲੈਕਟ੍ਰਾਨਿਕ ਬੋਟ) ਤਕ ਜਾਣਾ ਸੀ। ਗੁੱਸੇ ਵਿਚ ਆਏ ਪਾਟਿਲ ਨੇ ਇਕ ਸਥਾਨਕ ਚੈਨਲ ਨੂੰ ਦੱਸਿਆ ਕਿ ਉਹ ਜੈੱਟੀ ਰਾਹੀਂ ਆਪਣੀ ਕਿਸ਼ਤੀ ਤਕ ਪਹੁੰਚਣਾ ਚਾਹੁੰਦੇ ਸਨ ਪਰ ਰਸਤੇ ਵਿਚ ਸ਼ਾਹਰੁਖ ਦੀ ਯਾਟ ਖੜ੍ਹੀ ਸੀ। ਇਸ ਨਾਲ ਉਨ੍ਹਾਂ ਨੂੰ ਕਾਫੀ ਦੇਰ ਹੋ ਗਈ। ਸ਼ਾਹਰੁਖ ਨੂੰ ਆਪਣੇ ਸਟਾਰਡਮ ਤੋਂ ਫੁਰਸਤ ਨਹੀਂ ਸੀ। ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਅਲੀਬਾਗ਼ ਜਾਣ ਦੀ ਕੋਈ ਜਲਦੀ ਨਹੀਂ ਹੈ।
ਪਾਟਿਲ ਨੇ ਦੱਸਿਆ ਕਿ ਅਦਾਕਾਰ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਗੇਟਵੇ ਆਫ ਇੰਡੀਆ 'ਤੇ ਜਮ੍ਹਾਂ ਹੋ ਗਏ ਸਨ। ਪਾਟਿਲ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹ ਖ਼ੁਦ ਵੀ ਸ਼ਾਹਰੁਖ ਦੇ ਫੈਨ ਹਨ ਪਰ ਜੋ ਕੁਝ ਹੋਇਆ, ਉਹ ਠੀਕ ਨਹੀਂ ਸੀ।