ਲੰਡਨ: ਐਕਸ਼ਨ ਫਿਲਮਾਂ ਦੇ ਬੇਤਾਜ਼ ਬਾਦਸ਼ਾਹ ਆਰਨੌਲਡ ਸਵਾਜ਼ਨੈਗਰ 70 ਸਾਲ ਦੇ ਹੋ ਗਏ ਹਨ ਪਰ ਉਹ ਅਜੇ ਵੀ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦੇ ਹਨ। ਆਰਨੌਲਡ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਵੱਧ ਉਮਰ ਤੋਂ ਕੋਈ ਸਮੱਸਿਆ ਨਹੀਂ ਤੇ ਉਹ ਸੁਖੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਖ਼ਤ ਮਿਹਨਤ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਅੱਜ ਵੀ ਓਨੀ ਹੀ ਫੁਰਤੀ ਹੈ ਜਿੰਨੀ 20 ਸਾਲ ਦੀ ਉਮਰ ਵਿੱਚ ਸੀ। ਉਹ ਪਾਸਪੋਰਟ ਤੇ ਡਰਾਈਵਿੰਗ ਲਾਇਸੈਂਸ ਵਿੱਚ ਭਾਵੇਂ ਆਪਣੀ ਉਮਰ 70 ਸਾਲ ਦਰਸਾਉਂਦੇ ਹਨ ਪਰ ਉਹ ਅੱਜ ਵੀ 20 ਸਾਲ ਵਰਗਾ ਮਹਿਸੂਸ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੋਜ਼ ਵਰਜਿਸ਼ ਕਰਦੇ ਹਨ ਤੇ ਅਜੇ ਵੀ ਫਿਲਮਾਂ ਬਣਾਉਣ ਵਿੱਚ ਜੁਟੇ ਹੋਏ ਹਨ। ਇਸ ਕਾਰਨ ਉਸ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਸਵੇਰੇ ਪੰਜ ਵਜੇ ਉਠਦੇ ਹਨ ਤੇ ਸਾਈਕਲ ਚਲਾਉਂਦੇ ਹਨ। ਜਿਮ ਵਿੱਚ ਉਹ ਨਿੱਤ ਇੱਕ ਘੰਟਾ ਵਰਜਿਸ਼ ਕਰਦੇ ਹਨ।