ਮੁੰਬਈ: ਸਿਨੇਮਾ ਹਾਲ ਵਿੱਚ ਫ਼ਿਲਮ ਤੋਂ ਪਹਿਲਾਂ ਕੌਮੀ ਤਰਾਨਾ ਵਜਾਏ ਜਾਣ 'ਤੇ ਛਿੜੀ ਬਹਿਸ ਵਿੱਚ ਹੁਣ ਬਾਲੀਵੁੱਡ ਦੀ ਸਿਰਕੱਢ ਅਦਾਕਾਰਾ ਵਿੱਦਿਆ ਬਾਲਨ ਦਾ ਨਾਂ ਵੀ ਜੁੜ ਗਿਆ ਹੈ। ਅਦਾਕਾਰਾ ਮੁਤਾਬਕ ਦੇਸ਼ ਭਗਤੀ ਕਿਸੇ 'ਤੇ ਜ਼ਬਰੀ ਥੋਪੀ ਨਹੀਂ ਜਾ ਸਕਦੀ।


ਵਿੱਦਿਆ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਫ਼ਿਲਮ ਤੋਂ ਪਹਿਲਾਂ ਰਾਸ਼ਟਰੀ ਗਾਣ ਵਜਾਇਆ ਜਾਣਾ ਚਾਹੀਦਾ ਹੈ। ਸਿਨੇਮਾ ਹਾਲ ਕੋਈ ਸਕੂਲ ਨਹੀਂ, ਜਿੱਥੇ ਦਿਨ ਦੀ ਸ਼ੁਰੂਆਤ ਕੌਮੀ ਤਰਾਨੇ ਨਾਲ ਹੁੰਦੀ ਹੈ।

ਇਸ ਹਰਫ਼ਨਮੌਲਾ ਅਦਾਕਾਰਾ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਸਮਝਦੀ ਹੈ ਕਿ ਉੱਥੇ ਰਾਸ਼ਟਰੀ ਗਾਣ ਨਾ ਵਜਾਇਆ ਜਾਵੇ। ਤੁਸੀਂ ਦੇਸ਼ ਭਗਤੀ ਥੋਪ ਨਹੀਂ ਸਕਦੇ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਦੇਸ਼ ਨਾਲ ਪਿਆਰ ਹੈ ਤੇ ਉਹ ਦੇਸ਼ ਦੀ ਰੱਖਿਆ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ।

ਵਿੱਦਿਆ ਬਾਲਨ ਨੇ ਕਿਹਾ ਕਿ ਜਦੋਂ ਵੀ ਉਹ ਕੌਮੀ ਤਰਾਨਾ ਸੁਣਦੀ ਹੈ ਤਾਂ ਆਪਣੇ ਆਪ ਖੜ੍ਹੀ ਹੋ ਜਾਂਦੀ ਹੈ, ਪਰ ਇਹ ਸਹੀ ਨਹੀਂ ਹੋਵੇਗਾ ਕਿ ਕੋਈ ਉਸ ਨੂੰ ਖੜ੍ਹਾ ਹੋਣ ਲਈ ਕਹੇ।

ਦੱਸ ਦੇਈਏ ਕਿ ਵਿੱਦਿਆ ਬਾਲਨ ਆਪਣੀ ਆਉਣ ਵਾਲੀ ਫ਼ਿਲਮ "ਤੁਮਹਾਰੀ ਸੁਲੂ" ਵਿੱਚ ਰੁੱਝੀ ਹੋਈ ਹੈ। ਇਹ ਫ਼ਿਲਮ 17 ਨਵੰਬਰ ਨੂੰ ਰਿਲੀਜ਼ ਹੋਵੇਗੀ, ਜਿਸ ਵਿੱਚ ਵਿੱਦਿਆ ਨੇ ਇੱਕ ਰੇਡੀਓ ਜੌਕੀ ਦੀ ਭੂਮਿਕਾ ਨਿਭਾਈ ਹੈ।