ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਪਿਛਲੇ ਕੁਝ ਦਿਨਾਂ ਤੋਂ ਇੱਕ ਔਰਤ ਪੁਲਿਸ ਅਫਸਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਖੂਬਸੂਰਤ ਪੁਲਿਸ ਅਫਸਰ ਪੰਜਾਬ ਪੁਲਿਸ ਦੀ ਐਸ.ਐਚ.ਓ. ਹਰਲੀਨ ਕੌਰ ਹੈ।
ਗੂਗਲ ਇਮੇਜ਼ ਸਰਚ 'ਤੇ ਜਦੋਂ ਇਸ ਤਸਵੀਰ ਨੂੰ ਪਾਇਆ ਗਿਆ ਤਾਂ ਇਸ ਦੀ ਪਛਾਣ ਹਰਲੀਨ ਕੌਰ ਵਜੋਂ ਨਹੀਂ ਬਲਕਿ ਕਾਇਨਾਤ ਅਰੋੜਾ ਵਜੋਂ ਹੋ ਰਹੀ ਸੀ। ਬਾਅਦ 'ਚ ਪਤਾ ਲੱਗਿਆ ਕਿ ਇਹ ਤਸਵੀਰ ਮਾਡਲ ਤੇ ਅਦਾਕਾਰਾ ਕਾਇਨਾਤ ਅਰੋੜਾ ਦੀ ਹੀ ਹੈ। ਕਾਇਨਾਤ ਗ੍ਰੈਂਡ ਮਸਤੀ ਤੇ ਖੱਟਾ-ਮਿੱਠਾ ਵਰਗੀਆਂ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
ਅਦਾਕਾਰਾ ਨੇ ਕਿਹਾ, "ਮੇਰਾ ਨਾਂ ਕਾਇਨਾਤ ਅਰੋੜਾ ਹੈ ਤੇ ਮੈਂ ਪੰਜਾਬੀ ਫਿਲਮ ਜੱਗਾ ਜਿਉਂਦਾ 'ਚ ਹਰਲੀਨ ਮਾਨ ਨਾਂ ਦੀ ਐਸਐਚਓ ਦਾ ਕਿਰਦਾਰ ਨਿਭਾਅ ਰਹੀ ਹਾਂ। ਉਸੇ ਫਿਲਮ 'ਚੋਂ ਮੇਰੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਮੈਂ ਅਸਲ ਹਰਲੀਨ ਕੌਰ ਨਹੀਂ ਹਾਂ।"
'ਏਬੀਪੀ ਨਿਊਜ਼' ਨੂੰ ਵੀਡੀਓ ਭੇਜਣ ਤੋਂ ਪਹਿਲਾਂ ਕਾਇਨਾਤ ਅਰੋੜਾ ਨੇ ਵੀ ਆਪਣੇ ਇੰਸਟਾਗ੍ਰਾਮ ਤੋਂ ਇਸ ਬਾਰੇ ਦੱਸਿਆ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸ਼ੇਅਰ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣ। 'ਏਬੀਪੀ ਨਿਊਜ਼' ਦੀ ਪੜਤਾਲ 'ਚ ਪੰਜਾਬ ਪੁਲਿਸ ਦੀ ਐਸਐਚਓ ਦਾ ਇਹ ਦਾਅਵਾ ਝੂਠਾ ਸਾਬਤ ਹੋਇਆ।