ਲਖਨਊ: ਫਿਲਮ 'ਪਦਮਾਵਤੀ' ਦਾ ਵਿਰੋਧ ਕਰ ਰਹੀ ਕਰਣੀ ਸੈਨਾ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਮਲੇ ਦੀ ਧਮਕੀ ਦਿੱਤੀ ਹੈ। ਕਰਣੀ ਸੈਨਾ ਦੇ ਪ੍ਰਧਾਨ ਲੋਕੇਂਦਰ ਨਾਥ ਨੇ ਕਿਹਾ ਕਿ ਜੇਕਰ ਸਾਨੂੰ ਉਕਸਾਉਣਾ ਜਾਰੀ ਰੱਖਿਆ ਤਾਂ ਅਸੀਂ ਦੀਪਿਕਾ ਦਾ ਨੱਕ ਵੱਢ ਦਿਆਂਗੇ। ਉਨ੍ਹਾਂ ਕਿਹਾ ਕਿ ਅਸੀਂ ਇੱਕ ਦਸੰਬਰ ਨੂੰ ਫਿਲਮ ਦੇ ਰਿਲੀਜ਼ ਦੇ ਦਿਨ ਭਾਰਤ ਬੰਦ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਦੀਪਿਕਾ ਨੇ ਫਿਲਮ ਦੇ ਵਿਰੋਧ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਕੋਈ ਵੀ 'ਪਦਮਾਵਤੀ' ਨੂੰ ਰਿਲੀਜ਼ ਹੋਣ ਤੋਂ ਨਹੀਂ ਰੋਕ ਸਕਦਾ। ਦੀਪਿਕਾ ਨੇ ਇਹ ਵੀ ਕਿਹਾ ਸੀ ਕਿ ਅਸੀਂ ਇੱਕ ਮੁਲਕ ਦੇ ਤੌਰ 'ਤੇ ਪਿੱਛੇ ਜਾ ਰਹੇ ਹਾਂ।

ਕਰਣੀ ਸੈਨਾ ਦੇ ਲੋਕੇਂਦਰ ਨਾਥ ਨੇ ਪ੍ਰੈੱਸ ਕਾਨਫਰੰਸ ਕਰਕੇ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ 'ਤੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਫਿਲਮ 'ਪਦਮਾਵਤੀ' 'ਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਲਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭੰਸਾਲੀ ਨੂੰ ਇਸ ਫਿਲਮ ਲਈ ਦੁਬਈ ਤੋਂ ਫੰਡ ਮਿਲਿਆ ਹੈ। ਪਾਕਿਸਤਾਨ 'ਚ ਬੈਠੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਦੁਬਈ ਰਾਹੀਂ ਫਿਲਮ ਦੀ ਫੰਡਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਣੀ ਸੈਨਾ ਫਿਲਮ ਨੂੰ ਕਿਸੇ ਵੀ ਕੀਮਤ 'ਤੇ ਰਿਲੀਜ਼ ਨਹੀਂ ਹੋਣ ਦੇਵੇਗੀ।

ਜ਼ਿਕਰਯੋਗ ਹੈ ਕਿ ਪਦਮਾਵਤੀ ਫਿਲਮ 'ਚ ਰਣਵੀਰ ਕਪੂਰ ਨੇ ਅਲਾਉਦੀਨ ਖਿਲਜੀ ਦਾ ਕਿਰਦਾਰ ਨਿਭਾਇਆ ਹੈ। ਰਾਣੀ 'ਪਦਮਾਵਤੀ' ਦੇ ਰੋਲ 'ਚ ਦੀਪਿਕਾ ਪਾਦੁਕੋਣ ਤੇ ਸ਼ਾਹਿਦ ਕਪੂਰ ਰਾਣੀ 'ਪਦਮਾਵਤੀ' ਦੇ ਪਤੀ ਰਾਜਾ ਰਤਨ ਸਿੰਘ ਬਣੇ ਹਨ।