ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ ਕਿਉਂ ਨਾ, ਆਖ਼ਰ ਉਨ੍ਹਾਂ ਨੇ ਆਪਣਾ ਵਜ਼ਨ 130 ਕਿੱਲੋ ਤੋਂ ਘਟਾ ਕੇ 65 ਕਿੱਲੋ ਜੋ ਕਰ ਲਿਆ ਹੈ। ਸੁਨੈਨਾ ਨੇ ਭਾਰ ਘਟਾਉਣ ਲਈ ਕਾਫ਼ੀ ਸਮਾਂ ਜੱਦੋ ਜਹਿਦ ਕੀਤੀ ਹੈ। ਏ.ਬੀ.ਪੀ. ਨਿਊਜ਼ ਨਾਲ ਗੱਲਬਾਤ ਕਰਦਿਆਂ ਉਸ ਨੇ ਖ਼ੁਦ ਆਪਣੇ ਤਜਰਬੇ ਸਾਂਝੇ ਕੀਤੇ।
ਸੁਨੈਨਾ ਨੇ ਦੱਸਿਆ ਕਿ 2 ਸਾਲ ਪਹਿਲਾਂ ਵਜ਼ਨ ਘਟਾਉਣ ਲਈ ਬੈਰਿਆਟਿਕ ਸਰਜਰੀ ਕਰਵਾਈ ਸੀ। ਜ਼ਿਆਦਾ ਖਾਣ ਪੀਣ ਅਤੇ ਤਣਾਅ ਕਾਰਨ ਉਸ ਦਾ ਵਜ਼ਨ ਕਾਫੀ ਵਧ ਗਿਆ ਸੀ। ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਡਾਇਆਬਿਟੀਜ਼ ਤੇ ਹਾਇਪਰਟੈਨਸ਼ਨ ਦੀ ਸਮੱਸਿਆ ਵੀ ਹੋ ਗਈ ਸੀ।
ਉਸ ਨੇ ਦੱਸਿਆ ਕਿ ਡਾਕਟਰ ਦੇ ਸਰਜਰੀ ਦੇ ਸੁਝਾਅ ਉਸ ਨੂੰ ਠੀਕ ਲੱਗਾ। ਉਸ ਨੇ ਆਪਣੀ ਮਾਂ ਤੇ ਭਰਾ ਤੋਂ ਸਲਾਹ ਲਈ ਤੇ ਉਨ੍ਹਾਂ ਇਹ ਸਰਜਰੀ ਸੇਫ ਦੱਸੀ ਅਤੇ ਸਾਰਿਆਂ ਨੇ ਉਸ ਦਾ ਸਾਥ ਦਿੱਤਾ।
ਸੁਨੈਨਾ ਨੇ ਸਰਜਰੀ ਲਈ ਆਪਣੇ ਦੋਸਤ ਤੇ ਡਾਕਟਰ ਲੱਕੜਵਾਲਾ ਨੂੰ ਚੁਣਿਆ। ਦੱਸ ਦੇਈਏ ਕਿ ਡਾ. ਲੱਕੜਵਾਲਾ ਦੁਨੀਆਂ ਦੀ ਸਭ ਤੋਂ ਭਾਰੀ ਔਰਤ ਇਮਾਨ ਦੀ ਵੀ ਸਰਜਰੀ ਕਰ ਚੁੱਕੇ ਹਨ।
ਜਦੋਂ ਉਸ ਦੀ ਸਰਜਰੀ ਹੋਈ ਤਾਂ ਉਸ ਦੇ ਭਰਾ ਤੇ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਹੈਰਾਨ ਹੁੰਦਿਆਂ ਕਿਹਾ ਕਿ ਮੈਨੂੰ ਲਗਦਾ ਹੈ ਮੈਂ ਤੁਹਾਨੂੰ ਜਾਣਦਾ ਹੀ ਨਹੀਂ। ਇੱਕ ਵਾਰ ਤਾਂ ਸੱਚ ਮੁੱਚ ਰਿਤਿਕ ਧੋਖਾ ਖਾ ਗਿਆ ਸੀ ਕਿ ਇਹ ਵਾਕਿਆ ਹੀ ਉਸ ਦੀ ਭੈਣ ਸੁਨੈਨਾ ਹੈ।
ਸੁਨੈਨਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਵਜ਼ਨ 100 ਕਿੱਲੋ ਤੋਂ ਜ਼ਿਆਦਾ ਹੈ, ਉਨ੍ਹਾਂ ਲਈ ਇਹ ਸਰਜਰੀ ਸੇਫ ਹੈ। ਉਸ ਨੇ ਕਿਹਾ ਕਿ ਇਸ ਸਰਜਰੀ ਤੋਂ ਬਾਅਦ ਵੀ ਉਹ ਕਾਫੀ ਸਾਵਧਾਨੀਆਂ ਵਰਤ ਰਹੀ ਹੈ। ਸੁਨੈਨਾ ਨੇ ਦੱਸਿਆ ਕਿ ਮਿੱਠੀਆਂ ਤੇ ਤਲੀਆਂ ਚੀਜ਼ਾਂ ਦਾ ਸੇਵਨ ਨਾ ਕਰਨਾ, ਰੋਜ਼ਾਨਾ ਇੱਕ ਘੰਟਾ ਕਸਰਤ ਅਤੇ ਖਾਣੇ 'ਤੇ ਕਾਬੂ ਪਾਉਣਾ ਵੀ ਸਿੱਖਿਆ ਹੈ।