ਮੁੰਬਈ: ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਤੇ ਕੰਗਨਾ ਰਣੌਤ ਦਾ ਝਗੜਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ। ਕੁਝ ਦਿਨ ਪਹਿਲਾਂ ਕੰਗਨਾ ਨੇ ਇੱਕ ਇੰਟਰਵਿਊ 'ਚ ਰਿਤਿਕ ਨੂੰ ਲੈ ਕੇ ਕਈ ਖੁਲਾਸੇ ਕੀਤੇ ਸੀ ਪਰ ਹੁਣ ਰਿਤਿਕ ਨੇ ਇੱਕ ਟੀਵੀ ਸ਼ੋਅ 'ਚ ਜਾ ਕੇ ਆਪਣੀ ਗੱਲ ਰੱਖੀ। ਇਸ ਇੰਟਰਵਿਊ 'ਚ ਰਿਤਿਕ ਨੇ ਸਾਫ ਕਿਹਾ ਕਿ ਉਨ੍ਹਾਂ ਦਾ ਕੰਗਨਾ ਨਾਲ ਕਦੇ ਕੋਈ ਰਿਸ਼ਤਾ ਸੀ ਹੀ ਨਹੀਂ।


ਇੰਟਰਵਿਊ ਦੌਰਾਨ ਜਦ ਰਿਤਿਕ ਨੂੰ ਪੁੱਛਿਆ ਗਿਆ ਕਿ ਕੰਗਨਾ ਨੇ ਤੁਹਾਡੇ 'ਤੇ ਇਲਜ਼ਾਮ ਲਾਇਆ ਹੈ ਕਿ ਤੁਸੀਂ ਪੈਰਿਸ 'ਚ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ? ਤਾਂ ਰਿਤਿਕ ਨੇ ਜਵਾਬ ਦਿੱਤਾ, "ਹੁਣ ਬਹੁਤ ਹੋ ਗਿਆ। ਮੈਨੂੰ ਇਸ ਬਾਰੇ ਚੁੱਪ ਰਹਿਣ ਵਾਸਤੇ ਕਿਹਾ ਗਿਆ ਹੈ। ਮੈਂ ਇਸ 'ਤੇ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਕੁਝ ਨਹੀਂ ਕਹਿਣਾ।" ਰਿਤਿਕ ਨੇ ਦੱਸਿਆ ਕਿ ਉਹ ਤੇ ਕੰਗਨਾ ਪਹਿਲੀ ਵਾਰ ਫਿਲਮ 'ਕਾਇਟਸ' ਦੀ ਸ਼ੂਟਿੰਗ ਦੌਰਾਨ ਮਿਲੇ ਸੀ ਤੇ ਉਸ ਵਕਤ ਚੰਗੇ ਦੋਸਤਾਂ ਵਾਂਗ ਸੀ। ਕੰਗਨਾ ਨੇ ਮੈਨੂੰ ਕਿਹਾ ਸੀ ਕਿ ਉਹ ਮੇਰੇ ਤੋਂ ਇੰਸਪਾਇਰ ਹੈ। ਕੰਗਨਾ ਨੂੰ ਫਿਲਮ ਸੈੱਟ 'ਤੇ ਮੇਰੇ ਬਾਰੇ ਕੁਝ ਗਲਤਫਹਿਮੀਆਂ ਹੋ ਗਈਆਂ ਜਿਸ ਕਾਰਨ ਉਹ ਮੇਰੇ 'ਤੇ ਇਲਜ਼ਾਮ ਲਾ ਰਹੀ ਹੈ।

ਰਿਤਿਕ ਮੁਤਾਬਕ, ਇੱਕ ਵਾਰ ਕੰਗਨਾ ਅੱਧੀ ਰਾਤ ਨੂੰ ਉਨ੍ਹਾਂ ਦੇ ਕਮਰੇ 'ਚ ਆਈ ਤੇ ਦਰਵਾਜ਼ਾ ਖੜਕਾਇਆ ਪਰ ਰਿਤਿਕ ਨੇ ਆਪਣੇ ਅਸਿਸਟੈਂਟ ਨੂੰ ਬੁਲਾ ਕੇ ਕੰਗਨਾ ਨੂੰ ਵਾਪਸ ਭੇਜਣ ਲਈ ਕਿਹਾ ਸੀ। ਅਗਲੇ ਦਿਨ ਕੰਗਨਾ ਦੀ ਭੈਣ ਰੰਗੋਲੀ ਆਈ ਤੇ ਕੰਗਨਾ ਵੱਲੋਂ ਮੁਆਫੀ ਮੰਗੀ ਸੀ। 'ਕ੍ਰਿਸ਼-3' ਦੀ ਸ਼ੂਟਿੰਗ ਤੋਂ ਬਾਅਦ ਰਿਤਿਕ ਨੇ ਕਦੇ ਕੰਗਨਾ ਨਾਲ ਗੱਲ ਨਹੀਂ ਕੀਤੀ। ਰਿਤਿਕ ਨੇ ਕਿਹਾ, "ਮੈਂ ਨਾ ਤਾਂ ਕਦੇ ਕੰਗਨਾ ਨੂੰ ਇਕੱਲੇ 'ਚ ਮਿਲਿਆ ਹਾਂ ਤੇ ਨਾ ਹੀ ਕਦੇ ਉਸ ਨੂੰ ਪ੍ਰਪੋਜ਼ ਕੀਤਾ ਹੈ। ਇਹ ਸਾਰੀਆਂ ਗੱਲਾਂ ਅਫਵਾਹ ਹਨ ਜੋ ਕੰਗਨਾ ਵੀ ਫੈਲਾ ਰਹੀ ਹੈ।"