ਮੁੰਬਈ- ਫਿਲਮ ਐਕਟਰੈੱਸ ਰਿਚਾ ਚੱਢਾ ਨੇ ਕਿਹਾ ਹੈ ਕਿ ਬਾਲੀਵੁੱਡ ‘ਚ ਜਿਨਸੀ ਸ਼ੋਸ਼ਣ ਹੁੰਦਾ ਹੈ ਅਤੇ ਇਸ ਨੂੰ ਮੰਨਣਾ ਹਿੰਮਤ ਦੀ ਗੱਲ ਹੈ, ਪਰ ਅਜਿਹਾ ਕਰਨ ਵਾਲਿਆਂ ਦਾ ਨਾਂਅ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਉਸ ਤੋਂ ਬਾਅਦ ਕੰਮ ਮਿਲਣ ਦੀ ਗਾਰੰਟੀ ਨਹੀਂ ਹੁੰਦੀ।
ਇਸ ਦੀ ਚਰਚਾ ਕਰਦਿਆਂ ਰਿਚਾ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਸਥਿਤੀ ਨਾਲ ਸੰਬੰਧਤ ਬਲਾਗ ਪੋਸਟ ਲਈ ਉਨ੍ਹਾਂ ‘ਤੇ ਨਿਸ਼ਾਨਾ ਲਾਇਆ ਗਿਆ ਸੀ, ਇਥੋਂ ਤੱਕ ਨਾਰੀਵਾਦੀ ਰੁਝਾਨ ਵਾਲਿਆਂ ਨੇ ਪੁੱਛਿਆ ਸੀ ਕਿ ਤੁਸੀਂ ਏਦਾਂ ਕਰਨ ਵਾਲੇ ਲੋਕਾਂ ਦਾ ਨਾਂਅ ਕਿਉਂ ਨਹੀਂ ਲੈ ਰਹੇ। ਰਿਚਾ ਨੇ ਇੱਕ ਇੰਟਰਵਿਊ ਵਿੱਚ ਕਿਹਾ, ‘ਜੇ ਤੁਸੀਂ ਮੈਨੂੰ ਸਾਰੀ ਜ਼ਿੰਦਗੀ ਪੈਨਸ਼ਨ ਦੇਵੋ, ਮੇਰੀ ਸੁਰੱਖਿਆ ਯਕੀਨੀ ਕਰੋ ਅਤੇ ਮੇਰੇ ਪਰਵਾਰ ਦਾ ਧਿਆਨ ਰੱਖੋ, ਇਹ ਯਕੀਨੀ ਕਰੋ ਕਿ ਮੈਨੂੰ ਫਿਲਮਾਂ ਅਤੇ ਟੀ ਵੀ ਵਿੱਚ ਕੰਮ ਮਿਲਦਾ ਰਹੇਗਾ ਜਾਂ ਮੈਂ ਜੋ ਵੀ ਕਰਨਾ ਚਾਹੁੰਦੀ ਹਾਂ, ਕਰਦੀ ਰਹਾਂ, ਮੇਰਾ ਕਰੀਅਰ ਬੇਰੋਕ ਵਧਦਾ ਰਹੇਗਾ ਤਾਂ ਮੈਂ ਹੁਣੇ ਨਾਂਅ ਦੱਸ ਦਿੰਦੀ ਹਾਂ।’
ਉਨ੍ਹਾਂ ਕਿਹਾ ਕਿ ਸਿਰਫ ਉਹ ਹੀ ਨਹੀਂ, ਹੋਰ ਲੋਕ ਵੀ ਅਜਿਹਾ ਕਰਨਗੇ, ਪਰ ਅਜਿਹੀ ਗਾਰੰਟੀ ਕਰੇਗਾ ਕੌਣ? ਉਸ ਦਾ ਮੰਨਣਾ ਹੈ ਕਿ ਫਿਲਮ ਉਦਯੋਗ ਵਿੱਚ ਇਹ ਵਿਵਸਥਾ ਨਹੀਂ ਕਿ ਪੀੜਤਾਂ ਨੂੰ ਸੁਰੱਖਿਆ ਮਿਲੇ, ਇਸ ਲਈ ਕੋਈ ਵੀ ਇਸ ਬਾਰੇ ਜ਼ਬਾਨ ਨਹੀਂ ਖੋਲ੍ਹੇਗਾ।