ਚੰਡੀਗੜ੍ਹ: ਛੇ ਦਿਨਾਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਸਵੇਰੇ ਪੰਜ ਵਜੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਠ ਕੁ ਵਜੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਸ ਦੇ ਪਿੰਡ ਭਗਵਾਨਪੁਰਾ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਫਤਿਹਵੀਰ ਦੀ ਮੌਤ ਤੇ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਸੋਸ਼ਲ ਮੀਡੀਆ 'ਤੇ ਅਫਸੋਸ ਜਤਾਇਆ ਹੈ। ਇਸ ਸਭ ਦੇ ਚੱਲਦੇ ਗਾਇਕ ਕੁਲਵਿੰਦਰ ਬਿੱਲਾ ਨੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਕਿਸੇ ਨੇ ਫਤਿਹਵੀਰ ਲਈ ਖੁੱਲ੍ਹੀ ਕਵਿਤਾ ਲਿਖੀ ਹੈ।


ਇਸ ਤੋਂ ਇਲਾਵਾ ਗਿੱਪੀ ਗਰੇਵਾਲ, ਰੁਪਿੰਦਰ ਹਾਂਡਾ ਨੇ ਤਾਂ ਸਿਸਟਮ ‘ਤੇ ਹੀ ਸਵਾਲ ਖੜ੍ਹੇ ਕੀਤੇ ਹਨ। ਰੁਪਿੰਦਰ ਨੇ ਸਰਕਾਰ ਨੂੰ ਲਾਹਣਤਾਂ ਪਾਉਂਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ, “ਗੰਦੇ ਸਿਸਟਮ ਦੀ ਬਲੀ ਚੜ੍ਹ ਗਈ ਇੱਕ ਨਿੱਕੀ ਜਿਹੀ ਜਾਨ। ਦਿਲ ਬਹੁਤ ਦੁੱਖੀ ਹੈ ਅੱਜ।”


ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਲਿਖਿਆ, “ਰੈਸਟ ਇੰਨ ਪੀਸ ਫ਼ਤਹਿਵੀਰ ਕੌਣ ਜ਼ਿੰਮੇਦਾਰ ਹੈ?” ਇਨ੍ਹਾਂ ਤੋਂ ਇਲਾਵਾ ਹੋਰ ਵਧੇਰੇ ਕਲਾਕਾਰਾਂ ਨੇ ਆਪਣਾ ਗੁੱਸਾ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਸੋਸ਼ਲ ਮੀਡੀਆ ‘ਤੇ ਕੀਤਾ ਹੈ।