ਮਸ਼ਹੂਰ ਫ਼ਿਲਮ ‘ਬਲੈਕ ਪੈਂਥਰ’ ਦੇ ਅਦਾਕਾਰ ਚੈਡਵਿਕ ਬੋਸਮੈਨ ਨੂੰ ਮਰਨ ਉਪਰੰਤ ‘ਗੋਲਡਨ ਗਲੋਬ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਅਦਾਕਾਰ ਨੂੰ 2020 ’ਚ ਆਈ ਫ਼ਿਲਮ ‘ਮਾ ਰੇਨੀਜ਼ ਬਲੈਕ ਬਾਟਮ’ ’ਚ ਨਿਭਾਈ ਉਨ੍ਹਾਂ ਦੀ ਲੀਵੀ ਗ੍ਰੀਨ ਦੀ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ ਹੈ।

 

ਬੋਸਮੈਨ ਦਾ ਚਾਰ ਸਾਲਾਂ ਤੱਕ ਅੰਤੜੀਆਂ ਦੇ ਕੈਂਸਰ ਨਾਲ ਜੂਝਣ ਤੋਂ ਬਾਅਦ ਪਿਛਲੇ ਵਰ੍ਹੇ ਅਗਸਤ ’ਚ 43 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ‘ਮੋਸ਼ਨ ਪਿਕਚਰ’ ਵਰਗ ਵਿੱਚ ਸਰਬੋਤਮ ਪੇਸ਼ਕਾਰੀ ਲਈ ਇਹ ਸਨਮਾਨ ਦਿੱਤਾ ਗਿਆ ਹੈ।

 


 

ਬੋਸਮੈਨ ਦੀ ਪਤਨੀ ਸਿਮੋਨ ਲੇਡਵਰਡ ਨੇ ‘ਜ਼ੂਮ ਕਾੱਲ’ ਰਾਹੀਂ ਅਦਾਕਾਰ ਵੱਲੋਂ ਇਹ ਪੁਰਸਕਾਰ ਪ੍ਰਵਾਨ ਕੀਤਾ। ਜਜ਼ਬਾਤੀ ਰੌਂਅ ’ਚ ਵਹਿ ਰਹੀ ਲੇਡਵਰਡ ਨੇ ਕਿਹਾ, ‘ਮੈਂ ਪਰਮੇਸ਼ਵਰ ਦਾ ਸ਼ੁਕਰੀਆ ਅਦਾ ਕਰਦੀ ਹਾਂ, ਆਪਣੇ ਮਾਤਾ-ਪਿਤਾ ਦਾ ਸ਼ੁਕਰੀਆ ਅਦਾ ਕਰਦੀ ਹਾਂ, ਆਪਣੇ ਪੁਰਖਿਆਂ ਦਾ ਵੀ, ਜਿਨ੍ਹਾਂ ਨੇ ਸਾਡਾ ਮਾਰਗ-ਦਰਸ਼ਨ ਕੀਤਾ ਤੇ ਸਾਡੇ ਲਈ ਉਨ੍ਹਾਂ ਤਿਆਗ ਕੀਤੇ। ਮੈਂ ਸਭ ਦਾ ਸ਼ੁਕਰੀਆ ਅਦਾ ਕਰਦੀ ਹਾਂ।’

 

ਅਦਾਕਾਰ ਜੌਨ ਬੋਯੇਗਾ ਨੂੰ ਨਿਰਮਾਤਾ ਸਟੀਵ ਮੈਕਵੀਨ ਦੀ ਫ਼ਿਲਮ ਸੀਰੀਜ਼ ‘ਸਮਾਲ ਐਕਸ’ ਲਈ ਟੀਵੀ ਲੜੀਵਾਰ ਵਿੱਚ ਸਰਬੋਤਮ ਸਹਾਇਕ ਭੂਮਿਕਾ ਲਈ ‘ਗੋਲਡਨ ਗਲੋਬ’ ਪੁਰਸਕਾਰ ਮਿਲਿਆ ਹੈ। ਅਦਾਕਾਰ ਡੈਨੀਅਲ ਕਾਲੁਆ ਨੂੰ ਫ਼ਿਲਮ ‘ਜੂਡਸ ਐਂਡ ਦਿ ਬਲੈਕ ਮਸੀਹਾ’ ਲਈ ‘ਮੋਸ਼ਨ ਪਿਕਚਰ’ ਵਰਗ ’ਚ ਸਰਬੋਤਮ ਸਹਾਇਕ ਭੂਮਿਕਾ ਲਈ ਗੋਲਡਨ ਗਲੋਬ ਪੁਰਸਕਾਰ ਦਿੱਤਾ ਗਿਆ ਹੈ।