ਚੰਡੀਗੜ੍ਹ: ਪੂਰੇ ਦੇਸ਼ ‘ਚ #metoo ਮੁਹਿੰਮ ਦੌਰਾਨ ਕਈ ਵੱਡੇ ਖੁਲਾਸੇ ਹੋਏ ਹਨ। ਜਿੱਥੇ ਇਸ ਮੂਵਮੈਂਟ ‘ਚ ਕਈ ਵੱਡੇ ਸਟਾਰਸ ਦਾ ਨਾਂ ਸਾਹਮਣੇ ਆਇਆ ਹੈ, ਉੱਥੇ ਹੀ ਰਾਜਨੇਤਾ ਵੀ ਇਸ ਅੱਗ ਦੇ ਸੇਕ ਤੋਂ ਬਚ ਨਹੀਂ ਸਕੇ। ਹਾਲ ਹੀ ਬਾਲੀਵੁੱਡ ਦੇ ਕਈ ਚਰਚਿਤ ਚਿਹਰਿਆਂ ‘ਤੇ #ਮੀਟੂ ਨੇ ਕਾਲਖ਼ ਲਾਈ ਹੈ। ਹੁਣ ਇਸ ਅੱਗ ਦੀਆਂ ਲਪਟਾਂ ਪਾਲੀਵੁੱਡ ਵੱਲ ਵੀ ਆ ਗਈਆਂ ਹਨ।

 

ਜੀ ਹਾਂ, ਹਾਲ ਹੀ ‘ਚ ਨੀਰੂ ਬਾਜਵਾ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਸੀ, "ਪੰਜਾਬੀ ਇੰਡਸਟਰੀ ‘ਚ ਵੀ ਇਹ #metoo ਵਰਗੀ ਚੀਜ਼ ਮੌਜੂਦ ਹੈ। ਉਨ੍ਹਾਂ ਦੇ ਬਿਆਨ ਦਾ ਮਤਲਬ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਸਰੀਰਕ ਸ਼ੋਸ਼ਣ ਜਿਹੀਆਂ ਘਟਨਾਵਾਂ ਹੁੰਦੀਆਂ ਹਨ। ਹਾਲਾਂਕਿ, ਨੀਰੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਤਜ਼ਰਬਾ ਨਹੀਂ ਹੋਇਆ, ਪਰ ਇਹ ਹੁੰਦਾ ਹੈ।"

ਇਸ ਤੋਂ ਬਾਅਦ ਹੋਰ ਵੀ ਕਈਆਂ ਨੇ ਇਸ ਬਾਰੇ ਬਿਆਨ ਦਿੱਤਾ ਹੈ।



  1.  ਮੈਂਡੀ ਤੱਖਰ: ਇਸ ਬਾਰੇ ਐਕਟਰਸ ਮੈਂਡੀ ਤੱਖ਼ਰ ਨੇ ਕਿਹਾ, "ਮੈਂ ਇੰਡਸਟਰੀ ‘ਚ ਦੂਜਿਆਂ ਬਾਰੇ ਨਹੀਂ ਜਾਣਦੀ ਪਰ ਜਿਨ੍ਹਾਂ ਨਾਲ ਇੰਨੇ ਸਾਲਾਂ ‘ਚ ਮੈਂ ਕੰਮ ਕੀਤਾ ਹੈ ਉਹ ਸੱਚ-ਮੁੱਚ ਸਤਿਕਾਰਯੋਗ ਤੇ ਮੇਰੇ ਲਈ ਕਾਫੀ ਮਦਦਗਾਰ ਰਹੇ। ਮੁਸੀਬਤ ਸਮੇਂ ਮੈਂ ਕਿਸੇ ਦਾ ਵੀ ਸਾਥ ਲੈ ਸਕਦੀ ਹਾਂ। ਮੈਨੂੰ ਸਭ ‘ਤੇ ਯਕੀਨ ਹੈ।"




  1. ਸੋਨਮ ਬਾਜਵਾ: “#MeToo ਅੰਦੋਲਨ ਇੱਕ ਮਹਾਨ ਅੰਦੋਲਨ ਹੈ, ਜਿਸ ਦੀ ਮੈਂ ਗਵਾਹ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਦੇਸ਼ 'ਚ ਅਜਿਹਾ ਹੋ ਰਿਹਾ ਹੈ। ਪਾਲੀਵੁੱਡ ਇੰਡਸਟਰੀ 'ਚ ਨਿੱਜੀ ਤੌਰ 'ਤੇ ਮੇਰਾ ਇਸ ਮਾਮਲੇ 'ਚ ਕੋਈ ਤਜ਼ਰਬਾ ਨਹੀਂ ਸੀ ਤੇ ਨਾ ਹੀ ਦੱਖਣੀ ਇੰਡਸਟਰੀ 'ਚ। ਮੈਂ ਸਹੀ ਲੋਕਾਂ ਦੇ ਸਮਰਥਨ 'ਚ ਹਾਂ। ਮੇਰਾ ਮੰਨਣਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ 'ਚ ਕੰਮ ਕਰਨ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।"




  1. ਸਾਰਾ ਗੁਰਪਾਲ: ਸਾਰਾ ਗੁਰਪਾਲ ਕਈ ਵਾਰ ਆਪਣੇ ਪੁਰਾਣੇ ਇੰਟਰਵਿਊਜ਼ 'ਚ ਕਾਸਟਿੰਗ ਕਾਊਚ 'ਤੇ ਬਿਆਨ ਦੇ ਕੇ ਲਾਈਮਲਾਈਟ ਬਟੋਰ ਚੁੱਕੀ ਹੈ। ਉਸ ਨੇ ਕਿਹਾ, "ਹੁਣ ਜੇਕਰ ਮੈਂ ਇਸ ਅੰਦੋਲਨ 'ਤੇ ਆਪਣੀ ਰਾਏ ਦੇਵਾਂਗੀ ਤਾਂ ਲੋਕਾਂ ਨੂੰ ਇਹ ਮੇਰਾ ਪਬਲੀਸਿਟੀ ਸਟੰਟ ਲੱਗੇਗਾ, ਜਿਸ ਤੋਂ ਮੈਂ ਬਚਣਾ ਚਾਹੁੰਦੀ ਹਾਂ। ਹੁਣ ਜੇਕਰ ਮੈਂ ਉਨ੍ਹਾਂ ਲੋਕਾਂ ਦੇ ਨਾਂ ਲਵਾਂ ਜਿਨ੍ਹਾਂ ਨੇ ਮੈਨੂੰ ਦੂਜਿਆਂ ਨਾਲ ਸਰੀਰਕ ਸਬੰਧ ਬਣਾਉਣ ਲਈ ਆਫਰ ਕੀਤਾ ਤਾਂ ਮੇਰੇ ਇਸ ਬਿਆਨ ਦਾ ਕੁਝ ਲੋਕ ਫਾਇਦਾ ਚੁੱਕ ਸਕਦੇ ਹਨ। ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਕੁਝ ਲੋਕ ਅਜਿਹੇ ਵੀ ਹਨ, ਜੋ ਸਿਰਫ ਕਿਸੇ ਨੂੰ ਬਦਨਾਮ ਕਰਨ ਲਈ ਤੇ ਆਪਣਾ ਮਤਲਬ ਕੱਢਣ ਲਈ ਅਜਿਹੇ ਦੋਸ਼ ਲਗਾਉਂਦੇ ਹਨ। ਮੈਂ ਅਜਿਹੀਆਂ ਕਈ ਅਭਿਨੇਤਰੀਆਂ ਨੋਟ ਕੀਤੀਆਂ ਹਨ। ਇਹੋ ਜਿਹੀਆਂ ਕਈ ਕੁੜੀਆਂ ਫਿਲਮੀ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਲਈ ਰਿਲੇਸ਼ਨਸ਼ਿਪ ਬਣਾਉਂਦੀਆਂ ਤੇ ਮਤਲਬ ਪੂਰਾ ਹੋਣ 'ਤੇ ਵੱਖ ਹੋ ਜਾਂਦੀਆਂ ਹਨ। ਬਾਅਦ 'ਚ ਉਹੀ ਮਹਿਲਾਵਾਂ ਜਾਂ ਕੁੜੀਆਂ ਉਨ੍ਹਾਂ ਦੇ ਦੋਸ਼ ਲਾਉਂਦੀਆਂ ਹਨ। ਮੈਨੂੰ ਅਜਿਹਾ ਕਰਨ ਲਈ ਕਿਹਾ ਜ਼ਰੂਰ ਗਿਆ ਸੀ ਮੈਂ ਇਸ ਦਾ ਵਿਰੋਧ ਕੀਤਾ।"




  1.  ਈਸ਼ਾ ਰਿਖੀ: ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਤੇ ਮਾਡਲ ਈਸ਼ਾ ਰਿੱਖੀ ਨੇ ਦੱਸਿਆ, ''ਮੈਨੂੰ ਹੁਣ ਤੱਕ ਇਸ ਤਰ੍ਹਾਂ ਦੇ ਉਤਪੀੜਣ ਦਾ ਸਾਹਮਣਾ ਨਹੀਂ ਕਰਨਾ ਪਿਆ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਮੇਰਾ ਸਬੰਧ ਚੰਗੇ ਲੋਕਾਂ ਨਾਲ ਜੁੜਿਆ ਹੋਇਆ ਹੈ।"




  1.  ਕੁਲਰਾਜ ਰੰਧਾਵਾ: ਹਾਲ ਹੀ 'ਚ ਪੰਜਾਬੀ ਅਦਾਕਾਰਾ ਕੁਲਰਾਜ ਰੰਧਾਵਾ ਨੇ #ਮੀਟੂ ਮੁਹਿੰਮ 'ਤੇ ਕਿਹਾ, ''ਪੰਜਾਬੀ ਫਿਲਮ ਇੰਡਸਟਰੀ 'ਚ ਮੈਂ ਵਿਅਕਤੀਗਤ ਰੂਪ ਨਾਲ ਮੈਨੂੰ ਕਦੇ ਵੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਜਦੋਂ ਮੈਂ ਫਿਲਮ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਲਈ ਇਹ ਸਭ ਨਵਾਂ ਸੀ ਤੇ ਮੈਂ ਦੇਖਿਆ ਕੀ ਮੇਰੇ ਸਾਰੇ ਸਹਿਯੋਗੀ ਪੰਜਾਬੀ ਫਿਲਮ ਇੰਡਸਟਰੀ 'ਚ ਮੇਰੇ ਤੋਂ ਕਾਫੀ ਵੱਡੇ ਸਨ। ਇਸ ਸਮੇਂ ਸਾਨੂੰ ਪੀੜਤ ਹੋਣ ਵਾਲੇ ਵਿਅਕਤੀ ਦੀ ਸਹਾਇਤਾ ਕਰਨੀ ਚਾਹੀਦੀ ਤਾਂਕਿ ਉਨ੍ਹਾਂ ਲੋਕਾਂ ਨੂੰ ਰਾਹ ਦਿਖਾਇਆ ਜਾਵੇ, ਜਿਹੜੇ ਸੋਚਦੇ ਹਨ ਕਿ ਉਹ ਕੁਝ ਵੀ ਦੂਰ ਕਰ ਸਕਦੇ ਹਨ।''




  1. ਅੰਮ੍ਰਿਤ ਮਾਨ: #MeToo 'ਤੇ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅੰਮ੍ਰਿਤ ਮਾਨ ਨੇ ਕਿਹਾ, "ਸ਼ਾਇਦ ਕਿਸੇ ਦੀ ਕੋਈ ਮਜਬੂਰੀ ਰਹੀ ਹੋਵੇਗੀ, ਜਿਸ ਕਾਰਨ ਉਸ ਸਮੇਂ ਆਵਾਜ਼ ਨਹੀਂ ਉਠਾਈ ਗਈ। ਇਹ ਕਿਸੇ ਨੂੰ ਸੱਚਾ-ਝੂਠਾ ਦੱਸਣ ਦੀ ਗੱਲ ਨਹੀਂ ਪਰ ਜੇ ਕਿਸੇ ਨਾਲ ਗਲਤ ਹੋਇਆ ਤਾਂ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੇ ਕੋਈ ਕਿਸੇ ਨੂੰ ਤੰਗ ਕਰ ਰਿਹਾ ਹੈ ਤੇ ਉਸ ਨੂੰ ਟਾਰਗੇਟ ਕਰ ਰਿਹਾ ਹੈ ਤਾਂ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਹੈ। ਜੇ ਅਸੀਂ ਚੁੱਪ ਕਰ ਜਾਂਦੇ ਹਾਂ ਤਾਂ ਮਾੜੀ ਸੋਚ ਵਾਲੇ ਦਾ ਹੌਸਲਾ ਵਧਦਾ ਹੈ।"