ਗਾਇਕ ਅਲਫ਼ਾਜ਼ ਤੇ ਹਮਲੇ ਤੋਂ ਦੁਖੀ ਇੰਦਰਜੀਤ ਨਿੱਕੂ, ਸਰਕਾਰ ਤੇ ਬੋਲਿਆ ਹਮਲਾ, ਕਿਹਾ- ਕੀ ਸੁੱਤੀ ਹੋਈ ਹੈ ਮਾਨ ਸਰਕਾਰ?
Inderjit Nikku: ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਅਲਫ਼ਾਜ਼ ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ
Attack On Punjabi Singer Alfaaz: ਸਿੱਧੂ ਮੂਸੇਵਾਲਾ ਤੋਂ ਬਾਅਦ ਇੱਕ ਹੋਰ ਗਾਇਕ `ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਲਫਾਜ਼ 'ਤੇ ਇਹ ਹਮਲਾ ਮੋਹਾਲੀ ਦੇ ਇਕ ਰੈਸਟੋਰੈਂਟ 'ਚ ਮਾਮੂਲੀ ਤਕਰਾਰ ਤੋਂ ਬਾਅਦ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਜ਼ਖਮੀ ਹੋਏ ਅਲਫਾਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਧਰ, ਪੰਜਾਬੀ ਇੰਡਸਟਰੀ ਵਿੱਚ ਇਸ ਹਮਲੇ ਤੋਂ ਬਾਅਦ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਕਲਾਕਾਰ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਅਲਫ਼ਾਜ਼ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰ ਰਹੇ ਹਨ।
ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਅਲਫ਼ਾਜ਼ ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਲਿਖਿਆ, "ਮੇਰੇ ਭਰਾ ਅਲਫ਼ਾਜ਼ ਲਈ ਪ੍ਰਾਰਥਨਾ ਕਰੋ। ਆਰਟਿਸਟ ਲੋਕਾਂ ਦੇ ਘਰ ਖੁਸ਼ੀਆਂ ਵੰਡਦੇ ਨੇ, ਤੇ ਆ ਕਿਹੜੇ ਲੋਕ ਨੇ ਜੋ ਆਰਟਿਸਟਾਂ ਨੂੰ ਆਰਸਿਟ ਤਾਂ ਛੱਡੋ, ਬੰਦਾ ਵੀ ਸਮਝਣੋ ਹਟ ਗਏ ਨੇ। ਪਹਿਲਾਂ ਕਿਵੇਂ ਸਿੱਧੂ ਭਰਾ ਨਾਲ ਕੀਤਾ, ਕਦੇ ਕਿਸੇ ਆਰਟਿਸਟ ਤੇ ਅਟੈਕ, ਕਦੇ ਪਰਮੀਸ਼ ਵਰਮਾ, ਕਦੇ ਸੰਦੀਪ ਅੰਬੀਆਂ ਤੇ ਸਿੱਧੀਆਂ ਗੋਲੀਆਂ ਤੇ ਅੱਜ ਅਲਫ਼ਾਜ਼, ਕੀ ਸਰਕਾਰਾਂ ਸੁੱਤੀਆਂ ਪਈਆਂ? ਐਨਾ ਟੈਕਸ ਭਰਦੇ ਆ ਆਰਟਿਸਟ, ਇਸ ਦੇ ਬਾਵਜੂਦ ਨਾ ਕੋਈ ਆਰਥਿਕ ਸਮਰਥਨ ਤੇ ਨਾ ਹੀ ਕੋਈ ਸਕਿਉਰਟੀ। ਫ਼ਿਰ ਕਹਿੰਦੇ ਨੇ ਆਰਟਿਸਟ ਬਾਹਰ ਨੂੰ ਭੱਜਦੇ ਨੇ। ਸੋਚੋ ਮਾਨ ਸਾਹਿਬ ਆਰਟਿਸਟਾਂ ਬਾਰੇ ਵੀ 🙏।"
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬ `ਚ ਆਏ ਦਿਨ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਤਾਂ ਪੰਜਾਬ `ਚ ਗੈਂਗਸਟਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਹਾਲਾਂਕਿ ਅਲਫ਼ਾਜ਼ ਤੇ ਹਮਲਾ ਕਿਸੇ ਗੈਂਗਸਟਰ ਜਾਂ ਗਿਰੋਹ ਨੇ ਨਹੀਂ ਕੀਤਾ, ਪਰ ਇਸ ਕਾਂਡ ਨੇ ਇਹ ਜ਼ਰੂਰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਪੰਜਾਬ ਹੁਣ ਕਲਾਕਾਰਾਂ ਲਈ ਮਹਿਫ਼ੂਜ਼ ਹੈ?