Harnaaz Sandhu: ਮਿਸ ਯੂਨੀਵਰਸ 2021 ਦਾ ਤਾਜ ਜਿੱਤ ਕੇ ਇਤਿਹਾਸ ਰਚਣ ਵਾਲੀ ਹਰਨਾਜ਼ ਕੌਰ ਸੰਧੂ ਜਲਦ ਹੀ ਪੰਜਾਬੀ ਫ਼ਿਲਮ 'ਬਾਈ ਜੀ ਕੁੱਟਾਂਗੇ' 'ਚ ਨਜ਼ਰ ਆਵੇਗੀ। ਇਹ ਫ਼ਿਲਮ ਅਦਾਕਾਰਾ ਉਪਾਸਨਾ ਸਿੰਘ ਬਣਾ ਰਹੇ ਹਨ, ਜਿਸ ਰਾਹੀਂ ਉਹ ਆਪਣੇ ਬੇਟੇ ਨਾਨਕ ਨੂੰ ਲਾਂਚ ਕਰ ਰਹੇ ਹਨ। ਫ਼ਿਲਮ 'ਚ ਹਰਨਾਜ਼ ਨਾਨਕ ਦੇ ਨਾਲ ਨਜ਼ਰ ਆਵੇਗੀ। ਮਿਸ ਯੂਨੀਵਰਸ ਨੂੰ ਪਰਦੇ 'ਤੇ ਦੇਖਣ ਲਈ ਲੋਕ ਕਾਫੀ ਉਤਸ਼ਾਹਿਤ ਹਨ। ਪਰ ਸਵਾਲ ਇਹ ਹੈ ਕਿ ਹਰਨਾਜ਼ ਨੇ ਅਦਾਕਾਰੀ ਦੀ ਦੁਨੀਆ 'ਚ ਡੈਬਿਊ ਕਰਨ ਲਈ ਪੰਜਾਬੀ ਫ਼ਿਲਮ ਦੀ ਚੋਣ ਕਿਉਂ ਕੀਤੀ? ਅਜਿਹੇ ਦੌਰ 'ਚ ਜਦੋਂ ਛੋਟੇ-ਛੋਟੇ ਸਿਤਾਰੇ ਵੀ ਬਾਲੀਵੁੱਡ ਦੀਆਂ ਫ਼ਿਲਮਾਂ 'ਤੇ ਨਜ਼ਰ ਰੱਖਦੇ ਹਨ ਤਾਂ ਹਰਨਾਜ਼ ਬਾਲੀਵੁੱਡ ਲਈ ਲੜਦੀ ਕਿਉਂ ਨਹੀਂ ਦਿਖਾਈ ਦਿੰਦੀ?


ਕਿਉਂ ਚੁਣੀ ਪੰਜਾਬੀ ਫ਼ਿਲਮ?
ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਕੁਝ ਸ਼ੁਰੂਆਤੀ ਇੰਟਰਵਿਊਆਂ ਦੌਰਾਨ ਜਦੋਂ ਹਰਨਾਜ਼ ਸੰਧੂ ਤੋਂ ਉਨ੍ਹਾਂ ਦੇ ਬਾਲੀਵੁੱਡ ਡੈਬਿਊ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬਾਲੀਵੁੱਡ ਫ਼ਿਲਮਾਂ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ। ਇੰਨਾ ਹੀ ਨਹੀਂ ਉਹ ਕਾਫੀ ਉਤਸੁਕ ਨਜ਼ਰ ਆ ਰਹੀ ਸੀ। ਉਨ੍ਹਾਂ ਸਾਫ਼ ਕਿਹਾ ਸੀ ਕਿ ਉਹ ਵੀ ਸੁਸ਼ਮਿਤਾ ਸੇਨ ਅਤੇ ਲਾਰਾ ਦੱਤਾ ਵਾਂਗ ਅਦਾਕਾਰੀ ਦੀ ਦੁਨੀਆਂ 'ਚ ਆਉਣਾ ਚਾਹੇਗੀ। ਲੋਕਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਹਰਨਾਜ਼ ਕੋਲ ਬਾਲੀਵੁੱਡ ਪ੍ਰੋਜੈਕਟਾਂ ਦੀ ਝੜੀ ਲੱਗਣ ਵਾਲੀ ਹੈ।



ਪਰ ਹੁਣ ਤੱਕ ਉਨ੍ਹਾਂ ਦੇ ਬਾਲੀਵੁੱਡ ਡੈਬਿਊ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਹਰਨਾਜ਼ ਨੂੰ ਉਨ੍ਹਾਂ ਦੀ ਪੰਜਾਬੀ ਡੈਬਿਊ ਫ਼ਿਲਮ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਫ਼ਿਲਮ 'ਬਾਈ ਜੀ ਕੁੱਟਾਂਗੇ' 'ਚ ਮੇਰਾ ਬਹੁਤ ਵਧੀਆ ਰੋਲ ਹੈ। ਇਸ ਰਾਹੀਂ ਮੈਨੂੰ ਆਪਣਾ ਵੱਖਰਾ ਪੱਖ ਦਿਖਾਉਣ ਦਾ ਮੌਕਾ ਮਿਲਿਆ ਹੈ। ਯਕੀਨੀ ਤੌਰ 'ਤੇ ਇਸ ਫ਼ਿਲਮ ਨੂੰ ਦੇਖ ਕੇ ਆਨੰਦ ਮਿਲੇਗਾ। ਇਹ ਇੱਕ ਸ਼ਾਨਦਾਰ ਫ਼ਿਲਮ ਹੈ।"


ਅਗਸਤ 'ਚ ਹੋਵੇਗੀ ਰਿਲੀਜ਼
ਜ਼ਿਕਰਯੋਗ ਹੈ ਕਿ ਪੰਜਾਬੀ ਫ਼ਿਲਮ 'ਬਾਈ ਜੀ ਕੁੱਟਾਂਗੇ' ਉਪਾਸਨਾ ਸਿੰਘ ਦੇ ਪ੍ਰੋਡਕਸ਼ਨ ਹਾਊਸ ਸੰਤੋਸ਼ ਇੰਟਰਟੇਨਮੈਂਟ ਸਟੂਡੀਓਜ਼ ਵੱਲੋਂ ਬਣਾਈ ਜਾ ਰਹੀ ਹੈ। ਇਸ 'ਚ ਐਕਸ਼ਨ ਹੀਰੋ ਦੇਵ ਖਰੌੜ, ਗੁਰਪ੍ਰੀਤ ਘੁੱਗੀ, ਉਪਾਸਨਾ ਅਤੇ ਹੌਬੀ ਧਾਲੀਵਾਲ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫ਼ਿਲਮ ਮਈ 'ਚ ਰਿਲੀਜ਼ ਹੋਣੀ ਸੀ, ਪਰ ਇਸ ਦੀ ਰਿਲੀਜ਼ ਡੇਟ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ। ਖ਼ਬਰਾਂ ਮੁਤਾਬਕ ਇਹ ਫ਼ਿਲਮ ਹੁਣ 19 ਅਗਸਤ ਨੂੰ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਹਰਨਾਜ਼ ਮਿਸ ਯੂਨੀਵਰਸ ਦਾ ਤਾਜ ਪਹਿਨਣ ਵਾਲੀ ਤੀਜੀ ਭਾਰਤੀ ਹੈ। ਉਨ੍ਹਾਂ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ ਸਾਲ 1994 ਅਤੇ ਲਾਰਾ ਦੱਤਾ ਨੇ ਸਾਲ 2000 'ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।