Jazzy B Special Message For Sikh Kids: ਪੰਜਾਬੀ ਗਾਇਕ ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਨਾਲ ਉਹ ਆਪਣੇ ਗਾਣਿਆਂ ਕਰਕੇ ਵੀ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਜੈਜ਼ੀ ਬੀ ਨੇ ਹਮੇਸ਼ਾ ਹੀ ਆਪਣੇ ਗੀਤਾਂ 'ਚ ਸਿੱਖਾਂ ਦੀ ਵਡਮੁੱਲੀ ਵਿਰਾਸਤ ਨੂੰ ਪ੍ਰਮੋਟ ਕੀਤਾ ਹੈ। ਹੁਣ ਜੈਜ਼ੀ ਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹ ਦਸਤਾਰਧਾਰੀ ਸਿੱਖ ਬੱਚਿਆਂ ਨੂੰ ਖਾਸ ਸੰਦੇਸ਼ ਦਿੰਦੇ ਨਜ਼ਰ ਆ ਰਹੇ ਹਨ।
ਜੈਜ਼ੀ ਬੀ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਿੱਖ ਬੱਚਿਆਂ ਨਾਲ ਸਕੂਲਾਂ 'ਚ ਬੁਰਾ ਸਲੂਕ ਹੋਣ ਬਾਰੇ ਚਰਚਾ ਕੀਤੀ। ਜੈਜ਼ੀ ਬੀ ਨੇ ਕਿਹਾ, 'ਤੁਹਾਡੀ ਪੱਗ, ਤੁਹਾਡੀ ਦਸਤਾਰ ਇਹ ਤੁਹਾਡੀ ਸ਼ਾਨ ਹੈ। ਤੁਹਾਡੇ ਲੰਬੇ ਕੇਸ ਇਸ ਗੱਲ ਦਾ ਸਬੂਤ ਹਨ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ। ਇਸ ਗੱਲ 'ਤੇ ਤੁਹਾਨੂੰ ਮਾਣ ਹੋਣਾ ਚਾਹੀਦ ਹੈ। ਜੇ ਕੋਈ ਵੀ ਤੁਹਾਨੂੰ ਸਕੂਲਾਂ 'ਚ ਸਿੱਖ ਹੋਣ ਲਈ ਜਾਂ ਸਿਰ 'ਤੇ ਦਸਤਾਰ ਸਜਾਉਣ ਲਈ ਪਰੇਸ਼ਾਨ ਕਰਦਾ ਹੈ ਤਾਂ ਉਸ ਦਾ ਡਟ ਕੇ ਸਾਹਮਣਾ ਕਰੋ ਤੇ ਦਿਖਾ ਦਿਓ ਕਿ ਤੁਸੀਂ ਸੱਚੇ ਸਿੰਘ ਹੋ।' ਜੈਜ਼ੀ ਬੀ ਦਾ ਇਹ ਵੀਡੀਓ ਖੂਬ ਦਿਲ ਜਿੱਤ ਰਿਹਾ ਹੈ। ਤੁਸੀਂ ਵੀ ਦੇਖੋ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਜੈਜ਼ੀ ਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ 30 ਸਾਲ ਪੂਰੇ ਕੀਤੇ ਹਨ। ਉਹ ਹਮੇਸ਼ਾ ਆਪਣੇ ਗੀਤਾਂ 'ਚ ਪੰਜਾਬੀ ਕਲਚਰ ਤੇ ਸਿੱਖੀ ਨੂੰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ। ਜੈਜ਼ੀ ਬੀ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 'ਘੁੱਗੀਆਂ ਦਾ ਜੋੜਾ' ਨਾਮ ਦੀ ਐਲਬਮ ਤੋਂ ਕੀਤੀ ਸੀ।