ਸਿੰਗਰ ਜੈਨੀ ਦੇ ਗੀਤ ਨੇ ਮਚਾਈ ਤਰਥੱਲੀ, ਮੂਸੇਵਾਲਾ ਕਾਂਡ 'ਚ ਮੁੱਖ ਮੰਤਰੀ ਮਾਨ ਨੂੰ ਘੇਰਿਆ
ਜੈਨੀ ਜੌਹਲ ਦਾ ਇਹ ਗੀਤ ਸ਼ਨੀਵਾਰ ਨੂੰ ਹੀ ਯੂਟਿਊਬ 'ਤੇ ਰਿਲੀਜ਼ ਹੋਇਆ ਸੀ ਅਤੇ ਪਹਿਲੇ 11 ਘੰਟਿਆਂ 'ਚ ਹੀ ਇਸ ਨੂੰ 97 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 25 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਸੀ।
Punjabi singer Jenny Johal: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨੇ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ। ਜੈਨੀ ਦੇ ਇਸ ਗੀਤ ਦਾ ਟਾਈਟਲ 'ਲੈਟਰ ਟੂ CM' ਹੈ। ਇਸ ਗੀਤ 'ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ?
ਜੈਨੀ ਦੇ ਇਸ ਨਵੇਂ ਗੀਤ ਦੇ ਬੋਲ ਹਨ - 'ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੂੰਜਣ ਸ਼ਹਿਨਾਈਆਂ'। ਇਸ ਗੀਤ ਨੂੰ ਖੁਦ ਜੈਨੀ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ। ਪੰਜਾਬੀ ਗਾਇਕਾ ਨੇ ਗੀਤ ਦੇ ਬੋਲਾਂ 'ਚ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੇ ਜਾਣ ਦੀਆਂ ਖ਼ਬਰਾਂ ਮੀਡੀਆ 'ਚ ਲੀਕ ਕੀਤੇ ਜਾਣ ਦਾ ਮਾਮਲਾ ਵੀ ਚੁੱਕਿਆ ਹੈ।
ਜੈਨੀ ਜੌਹਲ ਦਾ ਇਹ ਗੀਤ ਸ਼ਨੀਵਾਰ ਨੂੰ ਹੀ ਯੂਟਿਊਬ 'ਤੇ ਰਿਲੀਜ਼ ਹੋਇਆ ਸੀ ਅਤੇ ਪਹਿਲੇ 11 ਘੰਟਿਆਂ 'ਚ ਹੀ ਇਸ ਨੂੰ 97 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 25 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਸੀ। 4 ਹਜ਼ਾਰ ਕੁਮੈਂਟਸ ਵੀ ਆਏ। ਗੀਤ 'ਚ ਇਕ ਥਾਂ ਜੈਨੀ ਕਹਿੰਦੀ ਹੈ, "ਮੁੱਖ ਮੰਤਰੀ ਗੁਜਰਾਤ 'ਚ ਵੋਟਾਂ ਦੇ ਲਾਲਚ 'ਚ ਗਰਬਾ ਕਰਦੇ ਘੁੰਮ ਰਹੇ ਹਨ ਅਤੇ ਪੰਜਾਬ 'ਚ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੀ ਯਾਦ 'ਚ ਪਲ-ਪਲ ਮਰ ਰਹੇ ਹਨ।"
ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਰਿਕਾਰਡਤੋੜ ਜਿੱਤ ਦਾ ਜ਼ਿਕਰ ਵੀ ਉਨ੍ਹਾਂ ਦੇ ਗੀਤ 'ਚ ਕੀਤਾ ਗਿਆ ਹੈ। ਜੈਨੀ ਦਾ ਕਹਿਣਾ ਹੈ ਕਿ 92 ਵਿਧਾਇਕ ਬਦਲਾਅ ਦੇ ਇਰਾਦੇ ਨਾਲ ਜਿੱਤੇ ਪਰ ਲੋਕਾਂ ਦੇ ਸੁਪਨੇ ਮਿੱਟੀ 'ਚ ਮਿਲ ਗਏ ਹਨ। ਸਿਰਫ਼ ਚਿਹਰੇ ਬਦਲੇ ਹਨ, ਰਾਜ਼ ਉਹੀ ਹੈ। ਜੈਨੀ ਦੇ ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧੂ ਦੇ ਫੈਨਜ਼ ਕੁਮੈਂਟ ਕਰ ਰਹੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
ਗਾਇਕਾ ਜੈਨੀ ਜੌਹਲ ਨੇ ਗੀਤ 'ਚ ਸਵਾਲ ਕੀਤਾ ਹੈ ਕਿ ਤਾੜੀਆਂ ਲੁੱਟਣ ਲਈ ਸੁਰੱਖਿਆ ਘਟਾ ਕੇ ਸਿੱਧੂ ਦੀ ਸੂਚੀ ਜਨਤਕ ਕਰਨ ਵਾਲਿਆਂ ਦਾ ਅਜੇ ਤੱਕ ਖੁਲਾਸਾ ਕਿਉਂ ਨਹੀਂ ਕੀਤਾ ਗਿਆ? ਗੀਤ 'ਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਸਿਹਤ ਅਤੇ ਸੁਰੱਖਿਆ ਬਾਰੇ ਵੀ ਗੱਲ ਕੀਤੀ ਗਈ ਹੈ। ਗੈਂਗਸਟਰ ਲਾਰੈਂਸ ਦੇ ਸਾਥੀ ਅਤੇ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਕਾਰਨ ਪੰਜਾਬ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਆਪਣੇ ਗੀਤ ਦੇ ਅੰਤ 'ਚ ਜੈਨੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਦੀ ਹੈ, "ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲੇ CM ਸਾਬ੍ਹ ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲਅੰਬੀਆਂ ਵਰਗੇ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਹੋਇਆ ਕੀ ਇਹੀ ਰੰਗਲਾ ਪੰਜਾਬ ਹੈ, ਜਿਸ ਦੇ ਤੁਸੀਂ ਸੁਪਨੇ ਵਿਖਾਏ ਸਨ?" ਜ਼ਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ AAP ਸਰਕਾਰ ਦੇ ਕਾਰਜਕਾਲ 'ਚ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਹਿੰਦੇ ਰਹਿੰਦੇ ਹਨ, ਜਿੱਥੇ ਖੁਸ਼ਹਾਲੀ ਹੋਵੇ ਅਤੇ ਕਿਸੇ ਵੀ ਨੌਜਵਾਨ ਨੂੰ ਕੰਮ ਲਈ ਆਪਣਾ ਘਰ ਛੱਡ ਕੇ ਵਿਦੇਸ਼ ਜਾਣ ਦੀ ਲੋੜ ਨਾ ਪਵੇ।