ਮੁੰਬਈ: ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੀ ਸਿਹਤ ਖਰਾਬ ਹੋਣ ਕਾਰਨ ਦੱਖਣੀ ਮੁੰਬਈ ਦੇ ਸਰ ਐਚ.ਐਨ. ਰਿਲਾਇੰਸ ਫਾਉਂਡੇਸ਼ਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਉਹ ਪਿਛਲੇ ਇੱਕ ਹਫ਼ਤੇ ਤੋਂ ਹਸਪਤਾਲ ‘ਚ ਦਾਖਲ ਹਨ । ਜਦ ਏਬੀਪੀ ਨਿਊਜ਼ ਨੇ ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨਾਲ ਫੋਨ 'ਤੇ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਤੁਰੰਤ ਕਿਹਾ ਕਿ ਰਿਸ਼ੀ ਕਪੂਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਪਰ ਇਸ ‘ਚ ਕੋਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ, "ਰਿਸ਼ੀ ਕਪੂਰ ਨੂੰ ਸਾਹ ਲੈਣ ‘ਚ ਮੁਸ਼ਕਲ ਆ ਰਹੀ ਸੀ ਅਤੇ ਉਹ ਅਜੇ ਵੀ ਕੈਂਸਰ ਦਾ ਇਲਾਜ ਕਰਵਾ ਰਹੇ ਹਨ।"


ਪਰ ਏਬੀਪੀ ਨਿਊਜ਼ ਦੇ ਸੂਤਰਾਂ ਨੂੰ ਖ਼ਬਰ ਮਿਲੀ ਕਿ ਉਹ ਕੈਂਸਰ ਦੀਆਂ ਜਟਿਲਤਾਵਾਂ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਉਹ ਹਸਪਤਾਲ ‘ਚ ਦਾਖਲ ਹਨ। ਸੂਤਰਾਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਇਲਾਜ ਦੌਰਾਨ ਉਨ੍ਹਾਂ ਨੂੰ ਕਈ ਵਾਰ ਵੈਂਟੀਲੇਟਰ 'ਤੇ ਰੱਖਿਆ ਗਿਆ ਅਤੇ ਹਟਾ ਦਿੱਤਾ ਗਿਆ। ਰਿਸ਼ੀ ਕਪੂਰ ਦੀ ਪਤਨੀ ਨੀਤੂ ਸਿੰਘ ਉਨ੍ਹਾਂ ਦੇ ਨਾਲ ਹਸਪਤਾਲ ‘ਚ ਮੌਜੂਦ ਹੈ ਤੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ।

ਰਿਸ਼ੀ ਕਪੂਰ ਕੈਂਸਰ ਦੇ ਇਲਾਜ ਤੋਂ ਬਾਅਦ ਪਿਛਲੇ ਸਾਲ ਸਤੰਬਰ ‘ਚ ਨਿਊਯਾਰਕ ਤੋਂ ਮੁੰਬਈ ਵਾਪਸ ਪਰਤ ਆਏ ਸਨ। ਇਸ ਇਲਾਜ ਦੌਰਾਨ ਰਿਸ਼ੀ ਕਪੂਰ ਨੇ ਉਸ ਸਮੇਂ ਅਮਰੀਕਾ ਦੇ ਕੈਂਸਰ ਹਸਪਤਾਲ ‘ਚ 11 ਮਹੀਨੇ 11 ਦਿਨ ਬਿਤਾਏ। ਉੱਥੋਂ ਵਾਪਸ ਆਉਣ ਤੋਂ ਬਾਅਦ ਰਿਸ਼ੀ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਅੱਗੇ ਵੀ ਜਾਰੀ ਰਹੇਗਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਸਮਾਂ ਲਵੇਗਾ।