ਮੁੰਬਈ: ਬਾਲੀਵੁੱਡ ‘ਚ ਅਹਾਨ ਸ਼ੈਟੀ ਦੇ ਡੈਬਿਊ ਦਾ ਐਲਾਨ ਸੁਨੀਲ ਸ਼ੈਟੀ ਕਾਫੀ ਪਹਿਲਾਂ ਹੀ ਕਰ ਚੁੱਕਿਆ ਹੈ। ਸਾਜਿਦ ਨਾਡਿਆਡਵਾਲਾ ਖੁਦ ਇਸ ਗੱਲ ਦਾ ਐਲਾਨ ਕਰ ਚੁੱਕੇ ਹਨ ਕਿ ਅਹਾਨ ਉਨ੍ਹਾਂ ਦੇ ਬੈਨਰ ਨਾਲ ਇੰਡਸਟਰੀ ‘ਚ ਕਦਮ ਰੱਖੇਗਾ। ਅਜੇ ਤਕ ਇਹ ਨਹੀਂ ਪਤਾ ਸੀ ਕਿ ਅਹਾਨ ਦੀ ਪਹਿਲੀ ਫ਼ਿਲਮ ਕਿਹੜੀ ਹੋਵੇਗੀ। ਸਾਜਿਦ ਹੁਣ ਤਕ ਫੈਸਲਾ ਨਹੀਂ ਕਰ ਪਾ ਰਹੇ ਸੀ ਕਿ ਅਹਾਨ ਦਾ ਡੈਬਿਊ ਕਿਸੇ ਨਵੀਂ ਫ਼ਿਲਮ ਨਾਲ ਕਰਨਾ ਹੈ ਜਾਂ ਰੀਮੇਕ ਫ਼ਿਲਮ ਨਾਲ।




ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਾਜਿਦ ਨੇ ਅਹਾਨ ਦੇ ਡੈਬਿਊ ਦਾ ਫੈਸਲਾ ਲੈ ਲਿਆ ਹੈ। ਅਹਾਨ ਜਲਦੀ ਹੀ ਸਾਊਥ ਦੀ ਸੁਪਰਹਿੱਟ ਫ਼ਿਲਮ ‘ਆਰ.ਐਕਸ. 100’ ਦੇ ਹਿੰਦੀ ਰੀਮੇਕ ਨਾਲ ਬਾਲੀਵੁੱਡ ‘ਚ ਆਪਣੀ ਐਂਟਰੀ ਕਰੇਗਾ। ਸਾਜਿਦ ਨੇ ‘ਆਰ.ਐਕਸ. 100’ ਦੇ ਰਾਈਟਸ ਵੀ ਖਰੀਦ ਲਏ ਹਨ। ਇਸ ‘ਚ ਅਹਾਨ ਲੀਡ ਰੋਲ ਪਲੇਅ ਕਰੇਗਾ।



ਸਾਜਿਦ ਨੇ ਕਿਹਾ, "ਜੀ ਹਾਂ, ਮੈਂ ਸਾਊਥ ਦੀ ਫ਼ਿਲਮ ‘ਆਰ.ਐਕਸ. 100’ ਦੇ ਹਿੰਦੀ ਰਾਈਟਸ ਖਰੀਦ ਲਏ ਹਨ ਜਿਸ ‘ਚ ਅਹਾਨ ਦਾ ਡੈਬਿਊ ਹੋਵੇਗਾ। ਇਹ ਫ਼ਿਲਮ ਸਾਲ 2019 ‘ਚ ਰਿਲੀਜ਼ ਹੋਵੇਗੀ। ਅਸੀਂ ਅਹਾਨ ਲਈ ਇਹ ਫ਼ਿਲਮ ਇਸ ਲਈ ਚੁਣੀ ਕਿਉਂਕਿ ਥੋੜ੍ਹੇ ਹੀ ਸਮੇਂ ‘ਚ ਇਸ ਫ਼ਿਲਮ ਨੇ ਨੌਜਵਾਨਾਂ ਦੇ ਦਿਲਾਂ ‘ਚ ਆਪਣਾ ਘਰ ਕੀਤਾ ਹੈ। ਮੈਂ ਕਈ ਨੌਜਵਾਨਾਂ ਨੂੰ ਜਾਣਦਾ ਹਾਂ ਜੋ ਇਸ ਫ਼ਿਲਮ ਨੂੰ 10 ਵਾਰ ਦੇਖ ਚੁੱਕੇ ਹਨ।"



ਅਹਾਨ ਸ਼ੈਟੀ ਦਾ ਬਾਲੀੱਵੁਡ ਡੈਬਿਊ ਕਰਵਾਉਣ ਤੋਂ ਪਹਿਲਾਂ ਪ੍ਰੋਡਿਊਸਰ ਸਾਜਿਦ ਨਾਡੀਆਡਵਾਲਾ ਸੁਨੀਲ ਸ਼ੈਟੀ ਦੀ ਪਹਿਲੀ ਫ਼ਿਲਮ ਵੀ ਬਣਾ ਚੁੱਕੇ ਹਨ। ਇਸ ਬਾਰੇ ਸਾਜਿਦ ਨੇ ਕਿਹਾ, "ਇਹ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਮੈਂ ਸੁਨੀਲ ਸ਼ੈਟੀ ਦੀ ਪਹਿਲੀ ਫ਼ਿਲਮ ਬਣਾਈ ਤੇ ਹੁਣ ਉਸ ਦੇ ਬੇਟੇ ਦਾ ਡੈਬਿਊ ਕਰਵਾਉਣ ਜਾ ਰਿਹਾ ਹਾਂ।"

ਸਾਜਿਦ ਨੇ ਆਪਣੇ ਬਿਆਨ ‘ਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਕਿ ਅਹਾਨ ਦੀ ਡੈਬਿਊ ਫ਼ਿਲਮ ਲਈ ਅਜੇ ਤਕ ਕਿਸੇ ਡਾਇਰੈਕਟਰ ਦੀ ਚੋਣ ਨਹੀਂ ਹੋਈ। ਇਸ ਗੱਲ ਦਾ ਫੈਸਲਾ ਵੀ ਜਲਦੀ ਹੀ ਲੈ ਲਿਆ ਜਾਵੇਗਾ ਕਿ ਅਹਾਨ ਨੂੰ ਕੌਣ ਡਾਇਰੈਕਟ ਕਰੇਗਾ।