Afsana Khan: ਜਦੋਂ ਦਿਲਜੀਤ ਦੋਸਾਂਝ ਨੇ ਸਭ ਦੇ ਸਾਹਮਣੇ ਅਫਸਾਨਾ ਖਾਨ ਦੇ ਲਾਏ ਸੀ ਪੈਰੀਂ ਹੱਥ, ਵਜ੍ਹਾ ਜਾਣ ਤੁਸੀਂ ਹੋ ਜਾਓਗੇ ਹੈਰਾਨ
Happy Birthday Afsana Khan: ਅਫਸਾਨਾ ਖਾਨ ਬਾਰੇ ਤੁਹਾਨੂੰ ਦੱਸ ਦਈਏ ਕਿ ਉਹ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਪੋਤੀ ਹੈ। ਦੱਸ ਦਈਏ ਕਿ ਅਫਸਾਨਾ ਖਾਨ ਦੇ ਪਿਤਾ ਕੁਲਦੀਪ ਮਾਣਕ ਦੇ ਸਕੇ ਭਾਣਜੇ ਸੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Afsana Khan Birthday: ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਅੱਜ ਗਾਇਕਾ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਦੱਸ ਦਈਏ ਕਿ ਅਫਸਾਨਾ ਦਾ ਜਨਮ 12 ਜੂਨ 1994 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਹੋਇਆ ਸੀ। ਅਫਸਾਨਾ ਖਾਨ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਜੀਤੋੜ ਮੇਹਨਤ ਕੀਤੀ ਹੈ।
ਅਫਸਾਨਾ ਅੱਜ ਜਿਸ ਮੁਕਾਮ 'ਤੇ ਹੈ, ਇਹ ਮੁਕਾਮ ਉਸ ਨੂੰ ਐਵੇਂ ਹੀ ਹਾਸਲ ਨਹੀਂ ਹੋਇਆ। ਅਫਸਾਨਾ ਖਾਨ ਬਾਰੇ ਤੁਹਾਨੂੰ ਦੱਸ ਦਈਏ ਕਿ ਉਹ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਪੋਤੀ ਹੈ। ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਅਫਸਾਨਾ ਖਾਨ ਦੇ ਪਿਤਾ ਕੁਲਦੀਪ ਮਾਣਕ ਦੇ ਸਕੇ ਭਾਣਜੇ ਸੀ।
ਪਿਤਾ ਦੀ ਮੌਤ ਤੋਂ ਬਾਅਦ ਦੇਖੀ ਗਰੀਬੀ
ਅਫਸਾਨਾ ਖਾਨ ਦੇ ਪਿਤਾ ਵੀ ਇੱਕ ਗਾਇਕ ਸਨ। ਉਨ੍ਹਾਂ ਦੀਆਂ ਆਪਣੇ ਕਰੀਅਰ ਦੌਰਾਨ 7-8 ਕੈਸਟਾਂ ਰਿਲੀਜ਼ ਹੋਈਆਂ ਸੀ। ਪਰ ਜਦੋਂ ਅਚਾਨਕ ਅਫਸਾਨਾ ਦੇ ਪਿਤਾ ਦੀ ਮੌਤ ਹੋਈ ਤਾਂ ਅਫਸਾਨਾ ਦੇ ਪਰਿਵਾਰ ਨੂੰ ਕਾਫੀ ਮੁਸ਼ਕਲ ਦੌਰ ਵਿੱਚੋਂ ਲੰਘਣਾ ਪਿਆ ਸੀ। ਇਹੀ ਨਹੀਂ ਜਦੋਂ ਅਫਸਾਨਾ ਦੇ ਪਰਿਵਾਰ ਨੂੰ ਉਸ ਦੇ ਰਿਸ਼ਤੇਦਾਰਾਂ ਤੋਂ ਕੋਈ ਮਦਦ ਨਹੀਂ ਮਿਲੀ ਤਾਂ ਉਸ ਦੀ ਮਾਂ ਆਸ਼ਾ ਬੇਗਮ ਨੂੰ ਦੂਜਿਆਂ ਦੇ ਘਰਾਂ 'ਚ ਕੰਮ ਕਰਨਾ ਪਿਆ। ਇਹ ਸਭ ਹਾਲਾਤ ਦੇਖ ਕੇ ਅਫਸਾਨਾ ਖਾਨ ਨੇ ਧਾਰ ਲਿਆ ਸੀ ਕਿ ਉਹ ਵੀ ਗਾਇਕਾ ਬਣੇਗੀ ਅਤੇ ਆਪਣੇ ਪਿਤਾ ਵਾਂਗ ਖੂਬ ਨਾਮ ਕਮਾਏਗੀ।
12 ਦੀ ਪੜ੍ਹਾਈ ਤੋਂ ਬਾਅਦ 2012 'ਚ ਅਫਸਾਨਾ ਵਾਇਸ ਆਫ ਪੰਜਾਬ ਮਿਊਜ਼ਿਕ ਰਿਐਲਟੀ ਸ਼ੋਅ ਵਿੱਚ ਵੀ ਨਜ਼ਰ ਆਈ ਸੀ। ਇੱਥੇ ਉਸ ਨੇ ਸਾਰੇ ਜੱਜਾਂ ਦਾ ਦਿਲ ਜਿੱਤ ਲਿਆ ਅਤੇ ਟੌਪ 5 ਦੇ ਵਿੱਚ ਜਗ੍ਹਾ ਬਣਾਈ। ਇਸ ਤੋਂ ਬਾਅਦ ਉਸ ਨੂੰ ਕਈ ਅਖਾੜੇ ਲਾਉਣ ਦੇ ਆਫਰ ਵੀ ਮਿਲਣ ਲੱਗੇ ਸੀ। ਬੱਸ ਇਹੀ ਉਹ ਸਮਾਂ ਸੀ ਜਦੋਂ ਅਫਸਾਨਾ ਖਾਨ ਦੀ ਕਿਸਮਤ ਬਦਲ ਗਈ। ਉਹ ਮਿਊਜ਼ਿਕ ਸ਼ੋਅ ਰਾਹੀਂ ਆਪਣੇ ਘਰ ਦਾ ਖਰਚਾ ਚਲਾ ਲੈਂਦੀ ਸੀ।
ਜਦੋਂ ਦਿਲਜੀਤ ਦੋਸਾਂਝ ਦੇ ਲਾਏ ਅਫਸਾਨਾ ਦੇ ਪੈਰੀਂ ਹੱਥ
ਵਾਇਸ ਆਫ ਪੰਜਾਬ ਤੋਂ ਬਾਅਦ ਅਫਸਾਨਾ ਖਾਨ 2016 'ਚ ਮਿਊਜ਼ਿਕ ਰਿਐਲਟੀ ਸ਼ੋਅ 'ਦ ਰਾਈਜ਼ਿੰਗ ਸਟਾਰ' 'ਚ ਵੀ ਪਰਫਾਰਮਰ ਰਹੀ ਸੀ। ਇੱਥੇ ਜਦੋਂ ਉਹ ਆਡੀਸ਼ਨ ਦੇਣ ਪਹੁੰਚੀ ਤਾਂ ਉਸ ਨੂੰ ਕੋਈ ਬਾਲੀਵੁੱਡ ਗੀਤ ਨਹੀਂ ਆਉਂਦਾ ਸੀ। ਉਸ ਨੇ ਮੌਕੇ 'ਤੇ ਹੀ 'ਜਗ ਸੂਨਾ ਸੂਨਾ ਲਾਗੇ' ਗਾਣਾ ਤਿਆਰ ਕਰਕੇ ਗਾਇਆ ਅਤੇ ਜੱਜਾਂ ਨੂੰ ਉਸ ਦੀ ਪਰਫਾਰਮੈਂਸ ਖੂਬ ਪਸੰਦ ਆਈ। ਇਸ ਤਰ੍ਹਾਂ ਅਫਸਾਨਾ ਖਾਨ ਦੀ ਐਂਟਰੀ ਹੋਈ ਇਸ ਰਿਐਲਟੀ ਸ਼ੋਅ 'ਚ। ਇੱਤਫਾਕ ਨਾਲ ਦਿਲਜੀਤ ਦੋਸਾਂਝ ਇਸ ਸ਼ੋਅ ਵਿੱਚ ਜੱਜ ਸਨ। ਪਹਿਲੇ ਹੀ ਐਪੀਸੋਡ 'ਚ ਜਦੋਂ ਅਫਸਾਨਾ ਦੀ ਐਂਟਰੀ ਹੋਈ ਤਾਂ ਉਸ ਨੇ ਆਪਣੀ ਪਰਫਾਰਮੈਂਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਸ ਦੀ ਪਰਫਾਰਮੈਂਸ ਇੰਨੀਂ ਵਧੀਆ ਸੀ ਕਿ ਦਿਲਜੀਤ ਦੋਸਾਂਝ ਨੇ ਸਟੇਜ 'ਤੇ ਜਾ ਕੇ ਸਭ ਦੇ ਸਾਹਮਣੇ ਅਫਸਾਨਾ ਦੇ ਪੈਰੀਂ ਹੱਥ ਲਾਏ ਅਤੇ ਨਾਲ ਹੀ ਉਸ ਨੂੰ ਗਲ ਨਾਲ ਲਾਇਆ। ਦਿਲਜੀਤ ਨੇ ਅਫਸਾਨਾ ਨੂੰ ਕਿਹਾ ਕਿ ਤੂੰ ਪੰਜਾਬੀਆਂ ਦੀ ਇੱਜ਼ਤ ਵਧਾਈ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ 2017 'ਚ 'ਧੱਕਾ' ਗੀਤ ਤੋਂ ਬਾਅਦ ਚਰਚਾ ਵਿੱਚ ਆਈ ਸੀ। ਇਹ ਗਾਣਾ ਸਿੱਧੂ ਮੂਸੇਵਾਲਾ ਦੇ ਸਭ ਤੋਂ ਹਿੱਟ ਗੀਤਾਂ ਵਿੱਚੋਂ ਇੱਕ ਸੀ। ਅੱਜ ਅਫਸਾਨਾ ਜਿਸ ਮੁਕਾਮ 'ਤੇ ਹੈ, ਉਸ ਤੱਕ ਪਹੁੰਚਣ ਲਈ ਉਸ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ।