Canary Island : ਇਸ ਟਾਪੂ ਦੇ ਪੱਥਰ ਤੇ ਮਿੱਟੀ ਨੂੰ ਲਾਇਆ ਹੱਥ ਤਾਂ ਹੋ ਸਕਦੈ ਭਾਰੀ ਜੁਰਮਾਨਾ, ਸੈਲਾਨੀਆਂ ਲਈ ਬਣਾਇਆ ਆਹ ਨਿਯਮ
Canary Island : ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਟਾਪੂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਰਕਾਰ ਨੇ ਸੈਲਾਨੀਆਂ ਨੂੰ ਯਾਦਗਾਰ ਵਜੋਂ ਪੱਥਰ ਲੈ ਕੇ ਜਾਣ ਤੋਂ ਮਨ੍ਹਾ ਕੀਤਾ ਹੋਇਆ ਹੈ।
ਜਦੋਂ ਜ਼ਿਆਦਾਤਰ ਸੈਲਾਨੀ ਕਿਸੇ ਦੇਸ਼ ਜਾਂ ਵਿਦੇਸ਼ ਵਿਚ ਘੁੰਮਣ ਜਾਂਦੇ ਹਨ, ਤਾਂ ਉਹ ਅਕਸਰ ਉਥੋਂ ਕੁਝ ਯਾਦਗਾਰੀ ਚੀਜ਼ਾਂ ਵਾਪਸ ਲਿਆਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਟਾਪੂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਰਕਾਰ ਨੇ ਸੈਲਾਨੀਆਂ ਨੂੰ ਯਾਦਗਾਰ ਵਜੋਂ ਪੱਥਰ ਲੈ ਕੇ ਜਾਣ ਤੋਂ ਮਨ੍ਹਾ ਕੀਤਾ ਹੋਇਆ ਹੈ। ਇੰਨਾ ਹੀ ਨਹੀਂ ਜੇਕਰ ਅਜਿਹਾ ਕਰਦੇ ਪਾਇਆ ਗਿਆ ਤਾਂ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਜਾਣੋ ਸਰਕਾਰ ਨੇ ਅਜਿਹਾ ਫੈਸਲਾ ਕਿਉਂ ਲਿਆ ਹੈ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਕੈਨੇਰੀ ਟਾਪੂ ਦੇ ਲੈਨਜ਼ਾਰੋਟ ਅਤੇ ਫਉਰਟੇਵੇਂਟੁਰਾ ਜਾਣ ਵਾਲੇ ਸੈਲਾਨੀਆਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਅਸਲ ਵਿੱਚ ਹਰ ਗਰਮੀ ਵਿੱਚ ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਹਨ। ਇੰਨਾ ਹੀ ਨਹੀਂ ਇੱਥੇ ਸੈਲਾਨੀ ਕਈ-ਕਈ ਦਿਨ ਰੁਕਦੇ ਹਨ। ਪਰ ਜਦੋਂ ਉਹ ਜਾਂਦੇ ਹਨ, ਤਾਂ ਉਹ ਯਾਦਗਾਰ ਵਜੋਂ ਇੱਥੋਂ ਕੰਕਰ ਅਤੇ ਪੱਥਰ ਚੁੱਕ ਲੈਂਦੇ ਹਨ।
ਇਸਤੋਂ ਇਲਾਵਾ ਕੁਝ ਲੋਕ ਇਸ ਬੀਚ ਤੋਂ ਰੇਤ ਵੀ ਵਾਪਿਸ ਲੈ ਜਾਂਦੇ ਹਨ ਤਾਂ ਜੋ ਇਸ ਨੂੰ ਆਪਣੀਆਂ ਯਾਦਾਂ 'ਚ ਸਜਾਇਆ ਜਾ ਸਕੇ। ਇਸ ਕਾਰਨ ਟਾਪੂ 'ਤੇ ਕੰਕਰਾਂ ਦੀ ਭਾਰੀ ਘਾਟ ਹੈ। ਇਸ ਤੋਂ ਇਲਾਵਾ ਟਾਪੂ ਦੀ ਸੁੰਦਰਤਾ ਵੀ ਪ੍ਰਭਾਵਿਤ ਹੋ ਰਹੀ ਹੈ। ਸੈਲਾਨੀਆਂ ਦੀ ਯਾਦਗਾਰ ਇਕੱਠੀ ਕਰਨ ਦੀ ਇਸ ਆਦਤ ਦਾ ਟਾਪੂਆਂ ਦੇ ਈਕੋਸਿਸਟਮ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਦੱਸ ਦਈਏ ਕਿ ਟਾਪੂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਸੈਲਾਨੀਆਂ ਦੁਆਰਾ ਲੈਨਜ਼ਾਰੋਟ ਟਾਪੂ ਦੇ ਬੀਚਾਂ ਤੋਂ ਲਗਭਗ ਇੱਕ ਟਨ ਜਵਾਲਾਮੁਖੀ ਸਮੱਗਰੀ ਦੂਰ ਕੀਤੀ ਜਾਂਦੀ ਹੈ। ਇਸੇ ਤਰ੍ਹਾਂ, ਸੈਲਾਨੀ ਫਉਰਟੇਵੇਂਟੁਰਾ ਦੇ ਮਸ਼ਹੂਰ "ਪੌਪਕਾਰਨ ਬੀਚ" ਤੋਂ ਹਰ ਮਹੀਨੇ ਆਪਣੇ ਨਾਲ ਇੱਕ ਟਨ ਰੇਤ ਲੈ ਜਾਂਦੇ ਹਨ। ਕਈ ਵਾਰ ਮਿੱਟੀ, ਪੱਥਰ ਅਤੇ ਚੱਟਾਨਾਂ ਨੂੰ ਜ਼ਬਤ ਕੀਤਾ ਗਿਆ, ਪਰ ਸੈਲਾਨੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਪਹਿਲੀ ਵਾਰ ਅਜਿਹੀ ਸਖ਼ਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਜੇਕਰ ਕੋਈ ਵੀ ਬੀਚਾਂ ਤੋਂ ਚੱਟਾਨਾਂ, ਪੱਥਰ ਅਤੇ ਮਿੱਟੀ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ 'ਤੇ 13,478 ਰੁਪਏ ਤੋਂ ਲੈ ਕੇ 2.69 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।