ਨਵੀਂ ਦਿੱਲੀ: ਖੋਜ ਵਿੱਚ ਪਤਾ ਲੱਗਿਆ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਵਿੱਚ ਦੁੱਧ ਬੱਚਿਆਂ ਲਈ ਨੁਕਸਾਨਦੇਹ ਹੈ। ਆਇਰਲੈਂਡ ਦੇ ਵਿਗਿਆਨੀਆਂ ਨੇ ਪਲਾਸਟਿਕ ਜਾਂ ਪੌਲੀਪ੍ਰੋਪਾਈਲਾਈਨ ਦੀਆਂ ਬੋਤਲਾਂ ਤੇ ਖੋਜ ਕਰਨ ਤੋਂ ਬਾਅਦ ਇਹ ਖੋਜ ਕੀਤੀ ਹੈ। ਉਨ੍ਹਾਂ ਨੇ ਆਪਣੀ ਖੋਜ ਨੂੰ ਪਲਾਸਟਿਕ ਦੇ ਟੁਕੜਿਆਂ ਤੋਂ ਹੋਣ ਵਾਲੇ ਜੋਖਮਾਂ ਨੂੰ ਸਮਝਣ ਲਈ 'ਮੀਲ ਦਾ ਪੱਥਰ' ਦੱਸਿਆ।

ਖੋਜ ਨਾਲ ਜੁੜੀ ਜਾਣਕਾਰੀ ਨੇਚਰ ਫੂਡ ਰਸਾਲੇ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਜੋ ਬੱਚੇ ਪਲਾਸਟਿਕ ਦੀ ਬੋਤਲ ਵਿੱਚੋਂ ਦੁੱਧ ਪੀਂਦੇ ਹਨ, ਉਹ ਰੋਜ਼ਾਨਾ ਲੱਖਾਂ ਪਲਾਸਟਿਕ ਦੇ ਬਰੀਕ ਕਣਾਂ ਨੂੰ ਗਟਕ ਰਹੇ ਹਨ ਕਿਉਂਕਿ ਇਹ ਬੋਤਲਾਂ ਬਹੁਤ ਹੀ ਮਹੀਨ ਪਲਾਸਟਿਕ ਦੇ ਕਣਾਂ ਨੂੰ ਪੈਦਾ ਕਰਦੀਆਂ ਹਨ, ਜੋ ਬੱਚੇ ਦੇ ਸਰੀਰ ਤੱਕ ਪਹੁੰਚਦੇ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਫੀਡਰ ਨੂੰ 25 ਸੈਂਟੀਗਰੇਡ ਦੇ ਤਾਪਮਾਨ 'ਤੇ ਰੱਖਣ ਨਾਲ ਪਲਾਸਟਿਕ ਦੇ 6 ਲੱਖ ਪ੍ਰਤੀ ਲੀਟਰ ਕਣ ਮਿਲਦੇ ਹਨ, ਜਦੋਂਕਿ 95 ਸੈਂਟੀਗਰੇਡ 'ਤੇ 50 ਮਿਲੀਅਨ ਪ੍ਰਤੀ ਲੀਟਰ ਪਲਾਸਟਿਕ ਦੇ ਕਣ ਨਿਕਲਦੇ ਹਨ।

ਪਲਾਸਟਿਕ ਦੀਆਂ ਬੋਤਲਾਂ ਵਿੱਚ ਦੁੱਧ, ਬੱਚਿਆਂ ਲਈ ਨੁਕਸਾਨਦੇਹ
ਖੋਜਕਰਤਾਵਾਂ ਨੇ ਕਿਹਾ ਕਿ ਅਸਲ ਵਿੱਚ ਹਰ ਵਿਅਕਤੀ ਰੋਜ਼ਾਨਾ ਸਰੀਰ ਵਿੱਚ ਬਹੁਤ ਹੀ ਬਾਰੀਕ ਪਲਾਸਟਿਕ ਦੇ ਕਣਾਂ ਨੂੰ ਨਿਗਲ ਰਿਹਾ ਹੈ। ਆਇਰਲੈਂਡ ਦੇ ਟ੍ਰਿਨਿਟੀ ਕਾਲਜ ਡਬਲਿਨ ਦੇ ਵਿਗਿਆਨੀ ਜੌਨ ਬੋਲੈਂਡ ਦਾ ਕਹਿਣਾ ਹੈ ਕਿ ਬੱਚਿਆਂ ਦੀਆਂ ਬੋਤਲਾਂ ਪੌਲੀਪ੍ਰੋਪਾਈਲਾਈਨ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਹਨ ਤੇ 69 ਪ੍ਰਤੀਸ਼ਤ ਬੋਤਲਾਂ ਇਸ ਪਲਾਸਟਿਕ ਦੇ ਇਸਤੇਮਾਲ ਨਾਲ ਬਣਦੀਆਂ ਹਨ। ਆਪਣੀ ਟੀਮ ਦੇ ਨਾਲ, ਉਨ੍ਹਾਂ ਨੇ ਪਲਾਸਟਿਕ ਦੇ ਕਣਾਂ ਦਾ ਪਤਾ ਲਾਉਣ ਲਈ ਟੈਸਟ ਕੀਤੇ। ਟੈਸਟ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇ ਇੱਕ ਲੀਟਰ ਪਾਊਡਰ ਦੁੱਧ ਨੂੰ ਹਿਲਾ ਕੇ ਇੱਕ ਬੋਤਲ ਵਿੱਚ ਮਿਲਾਇਆ ਜਾਵੇ ਤਾਂ ਦੁੱਧ ਵਿੱਚ 10-40 ਲੱਖ ਬਾਰੀਕ ਕਣ ਵੀ ਸ਼ਾਮਲ ਹੋ ਜਾਂਦੇ ਹਨ।

ਮਾਸੂਮ ਗਟਕ ਰਹੇ ਹਨ ਪਲਾਸਟਿਕ ਦੇ ਮਿਲੀਅਨ ਸੂਖਮ ਕਣ
ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਪਹਿਲੇ 12 ਮਹੀਨਿਆਂ ਵਿੱਚ ਹਰ ਨਵਜੰਮੇ ਬੱਚੇ ਰੋਜ਼ਾਨਾ ਔਸਤਨ 10.60 ਲੱਖ ਸੂਖਮ ਪ੍ਰੋਟੈਲਿਕ ਪਲਾਸਟਿਕ ਨੂੰ ਨਿਗਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਦੋ ਕਾਰਨਾਂ ਕਰਕੇ ਹੁੰਦਾ ਹੈ। ਇੱਕ ਤਾਂ ਜੇ ਬੋਤਲ ਨੂੰ ਕੀਟਾਣੂਰਹਿਤ ਬਣਾ ਦਿੱਤਾ ਜਾਂਦਾ ਹੈ ਤੇ ਦੂਸਰਾ ਕਾਰਨ ਹੈ ਗੁਣਗੁਣਾ ਦੁੱਧ।

ਇਹ ਦੋਨੋਂ ਮਿਲਕੇ ਪਲਾਸਟਿਕ ਦੇ ਸੂਖਮ ਕਣਾਂ ਨੂੰ ਕੱਢਣ ਵਿਚ ਮਦਦ ਕਰਦੇ ਹਨ। ਜੌਨ ਨੇ ਕਿਹਾ, "ਪਲਾਸਟਿਕ ਦੀਆਂ ਬੋਤਲਾਂ ਹੌਲੀ ਹੌਲੀ ਘੁਲਦੀਆਂ ਹਨ ਤੇ ਉਨ੍ਹਾਂ ਵਿੱਚੋਂ ਕਣ ਵੀ ਖਾਰਿਜ ਹੁੰਦੇ ਰਹਿੰਦੇ ਹਨ ਪਰ ਹੁਣ ਪਤਾ ਲੱਗ ਗਿਆ ਹੈ ਕਿ ਇਹ ਸਾਡੇ ਉਮੀਦ ਨਾਲੋਂ ਕਿਤੇ ਵੱਧ ਹੈ। ਬੋਤਲ ਨੂੰ ਹਿਲਾਉਣ ਨਾਲ ਵੀ ਲੱਖਾਂ ਪਲਾਸਟਿਕ ਦੇ ਕਣ ਖਾਰਜ ਹੁੰਦੇ ਹਨ।