ਨਵੀਂ ਦਿੱਲੀ: ਵਿਗਿਆਨੀਆਂ ਨੇ ਮਲੇਸ਼ੀਆ ’ਚ ਇੱਕ ਨਵੀਂ ਕਿਸਮ ਦੇ ਕੋਰੋਨਾਵਾਇਰਸ ਦੀ ਖੋਜ ਕੀਤੀ ਹੈ; ਜਿਸ ਦੇ ਕੁੱਤਿਆਂ ਤੋਂ ਮਨੁੱਖਾਂ ’ਚ ਆਉਣ ਦੀ ਸੰਭਾਵਨਾ ਹੈ ਪਰ ਕੀ ਇਹ ਵਾਇਰਸ ਇਨਸਾਨਾਂ ਲਈ ਖ਼ਤਰਾ ਹਨ ਜਾਂ ਨਹੀਂ, ਵਿਗਿਆਨੀਆਂ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵਾਇਰਸ ਦੇ ਇਨਸਾਨਾਂ ’ਚ ਬੀਮਾਰੀ ਦਾ ਕਾਰਣ ਬਣਨ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ 8ਵਾਂ ਮਨੁੱਖੀ ਕੋਰੋਨਾ ਵਾਇਰਸ ਤੇ ਕੁੱਤਿਆਂ ਤੋਂ ਆਉਣ ਵਾਲਾ ਪਹਿਲਾ ਹੋਵੇਗਾ।

 

ਸਾਰਸ ਤੇ ਕੋਵਿਡ-19 ਤੋਂ ਬਾਅਦ ਕਿਸੇ ਜਾਨਵਰ ਤੋਂ ਇਨਸਾਨਾਂ ’ਚ ਆਉਣ ਵਾਲੇ ਸਭ ਤੋਂ ਨਵੇਂ ਵਾਇਰਸ ਦਾ ਨਾਂ CcoV-HuPn-2018 ਰੱਖਿਆ ਗਿਆ ਹੈ। ਭਾਵੇਂ ‘ਕਲੀਨਿਕਲ ਇਨਫ਼ੈਕਸ਼ੀਅਸ ਡਿਜ਼ੀਜ਼’ ’ਚ ਪ੍ਰਕਾਸ਼ਿਤ ਖੋਜ ਤੋਂ ਇਹ ਸਿੱਧ ਨਹੀਂ ਹੋ ਸਕਿਆ ਕਿ ਕੁੱਤੇ ਤੋਂ ਇਨਸਾਨਾਂ ’ਚ ਆਇਆ ਕੋਰੋਨਾ ਵਾਇਰਸ ਕੀ ਬੱਚਿਆਂ ਦੇ ਨਿਮੋਨੀਆ ਦਾ ਕਾਰਣ ਬਣਿਆ ਜਾਂ ਦੂਜਾ ਰੋਗਾਣੂ ਕਾਰਨ ਸੀ।

 

ਬੱਚਾ ਰਾਇਨੋਵਾਇਰਸ ਤੋਂ ਵੀ ਪੀੜਤ ਪਾਇਆ ਗਿਆ। ਰਾਇਨੋਵਾਇਰਸ ਲੋਕਾਂ ਵਿੱਚ ਆਮ ਜ਼ੁਕਾਮ ਦਾ ਕਾਰਣ ਬਣਦਾ ਹੈ। ਜੇ ਇਹ ਕੁੱਤੇ ਤੋਂ ਫੈਲਿਆ ਵਾਇਰਸ ਤਿੰਨ ਸਾਲ ਪਹਿਲਾਂ ਬੱਚੇ ਦੀ ਬੀਮਾਰੀ ਦਾ ਕਾਰਣ ਬਣਿਆ, ਤਾਂ ਸਪੱਸ਼ਟ ਨਹੀਂ ਹੈ ਕਿ ਕੀ ਇਹ ਕੋਰੋਨਾ ਵਾਇਰਸ ਲੋਕਾਂ ’ਚ ਫੈਲ ਸਕਦਾ ਹੈ।

 

ਗ਼ੌਰਤਲਬ ਹੈ ਕਿ ਕੁੱਤੇ ਨਾਲ ਇਨਸਾਨਾਂ ਵਿੱਚ ਕੋਰੋਨਾ ਵਾਇਰਸ ਦੇ ਆਉਣ ਦਾ ਖ਼ੁਲਾਸਾ ਅਜਿਹੇ ਵੇਲੇ ਹੋ ਰਿਹਾ ਹੈ, ਜਦੋਂ ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਨੇ ਦਹਿਸ਼ਤ ਫੈਲਾਈ ਹੋਈ ਹੈ। ਕੁੱਤੇ ਨਾਲ ਇਨਸਾਨਾਂ ਵਿੱਚ ਕੋਰੋਨਾ ਵਾਇਰਸ ਦੇ ਪਾਏ ਜਾਣ ਦੀ ਇਹ ਪਹਿਲੀ ਮਿਸਾਲ ਹੈ।

 

ਖੋਜਕਾਰਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਕੀ ਹੋਰ ਵਾਇਰਸਜ਼ ਦਾ ਵਜੂਦ ਹੈ ਤੇ ਹੁਣ ਤੱਕ ਨਜ਼ਰਾਂ ਤੋਂ ਓਹਲੇ ਹਨ। 20 ਸਾਲਾਂ ਤੋਂ ਵਾਇਰਸਜ਼ ਉੱਤੇ ਕੰਮ ਕਰਨ ਵਾਲੇ ਮਹਾਮਾਰੀ ਦੇ ਮਾਹਿਰ ਡਾ. ਗ੍ਰੇਗਰੀ ਨੇ ਇੱਕ ਬਿਆਨ ’ਚ ਕਿਹਾ ਕਿ ਕੁੱਤੇ ਤੋਂ ਫੈਲਿਆ ਇਹ ਵਾਇਰਸ ਕਿੰਨਾ ਆਮ ਹੈ ਤੇ ਕੀ ਇਹ ਆਸਾਨੀ ਨਾਲ ਕੁੱਤਿਆਂ ਤੋਂ ਮਨੁੱਖਾਂ ਤੱਕ ਫੈਲ ਸਕਦਾ ਹੈ, ਕੋਈ ਨਹੀਂ ਜਾਣਦਾ। ਸਾਲ 2018 ਦੌਰਾਨ ਬੱਚੇ ’ਚ ਨਿਮੋਨੀਆ ਦੀ ਸ਼ਨਾਖ਼ਤ ਹੋਈ ਸੀ। ਉਸ ਤੋਂ ਪ੍ਰਾਪਤ ਸਵੈਬ ਸੈਂਪਲ ’ਚ ਕੁੱਤੇ ਤੋਂ ਆਏ ਨਵੇਂ ਕੋਰੋਨਾ ਵਾਇਰਸ ਦਾ ਖੋਜਕਾਰਾਂ ਨੇ ਪਤਾ ਲਾਇਆ।

 

ਕੋਰੋਨਾਵਾਇਰਸ ਵਾਇਰਸਜ਼ ਦਾ ਸਮੂਹ ਹੈ, ਜੋ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਹੈ, ਅਲਫ਼ਾ ਕੋਰੋਨਾ ਵਾਇਰਸ, ਬੀਟਾ ਕੋਰੋਨਾ ਵਾਇਰਸ, ਡੈਲਟਾ ਕੋਰੋਨਾ ਵਾਇਰਸ ਤੇ ਗਾਮਾ ਕੋਰੋਨਾ ਵਾਇਰਸ। ਇਹ ਸਾਰੇ ਵਾਇਰਸ ਜਾਨਵਰਾਂ ਤੇ ਪੰਛੀਆਂ ਵਿੱਚ ਲਾਗ ਦਾ ਕਾਰਨ ਬਣਦੇ ਹਨ। ਮਨੁੱਖੀ ਕੋਰੋਨਾ ਵਾਇਰਸ ਦੀ ਸ਼ਨਾਖ਼ਤ 1960 ਦੇ ਦਹਾਕੇ ਦੌਰਾਨ ਕੀਤੀ ਗਈ ਸੀ ਤੇ ਇਹ ਅਲਫ਼ਾ ਤੇ ਬੀਟਾ ਕੋਰੋਨਾ ਵਾਇਰਸ ਦੀ ਪੀੜ੍ਹੀ ਨਾਲ ਸਬੰਧਤ ਹੁੰਦੇ ਹਨ। ਨਵਾਂ ਵਾਇਰਸ CcoV-HuPn-2018 ਇੱਕ ਅਲਫ਼ਾ ਕੋਰੋਨਾਵਾਇਰਸ ਹੈ।