ਨਵੀਂ ਦਿੱਲੀ: ਦੁਨੀਆ ਦੀ 45 ਫ਼ੀਸਦੀ ਆਬਾਦੀ ਭਾਵ 4 ਅਰਬ ਲੋਕ ਸਾਲ 2050 ਤੱਕ ਵਜ਼ਨ ਵਧਣ ਦੇ ਸ਼ਿਕਾਰ ਹੋ ਸਕਦੇ ਹਨ। ‘ਪੋਟਸਡੈਮ ਇੰਸਟੀਚਿਊਟ ਫ਼ਾਰ ਕਲਾਈਮੇਟ ਇੰਪੈਕਟ ਰਿਸਰਚ’ ਦੀ ਖੋਜ ਵਿੱਚ ਹੈਰਾਨਕੁੰਨ ਖ਼ੁਲਾਸਾ ਕੀਤਾ ਗਿਆ ਹੈ। ਰਿਪੋਰਟ ਵਿੱਚ ਪ੍ਰੋਸੈੱਸਡ ਫ਼ੂਡ ਉੱਤੇ ਵਿਸ਼ਵ ਵਿੱਚ ਚੱਲ ਰਹੇ ਖਾਣ-ਪੀਣ ਦੇ ਮੌਜੂਦਾ ਰੁਝਾਨ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਜੇ ਲੋਕਾਂ ਦੇ ਪ੍ਰੋਸੈੱਸਡ ਫ਼ੂਡ ਖਾਣ ਦਾ ਰੁਝਾਨ ਜਾਰੀ ਰਿਹਾ, ਤਾਂ 45 ਫ਼ੀਸਦੀ ਵਿੱਚੋਂ 16 ਫ਼ੀਸਦੀ ਲੋਕ ਮੋਟਾਪੇ ਦੇ ਸ਼ਿਕਾਰ ਹੋ ਸਕਦੇ ਹਨ।


ਪ੍ਰੋਸੈੱਸਡ ਫ਼ੂਡ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਪਹਿਲੀ ਖੋਜ ਹੈ। ਸਾਲ 1965 ਤੇ 2100 ਦੇ ਵਿਚਕਾਰ ਵਿਸ਼ਵ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਹੋਣ ਵਾਲੀ ਤਬਦੀਲੀ ਦਾ ਰੁਝਾਨ ਵੇਖਣ ਤੋਂ ਬਾਅਦ ਖੋਜਕਾਰਾਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਓਪਨ ਸੋਰਸ ਮਾੱਡਲ ਦੀ ਵਰਤੋਂ ਕਰ ਕੇ ਭਵਿੱਖਬਾਣੀ ਕੀਤੀ ਕਿ ਕਿਵੇਂ ਖਾਣੇ ਦੀ ਮੰਗ ਨਾਲ ਕੁਦਰਤ ਨੂੰ ਬਚਾਉਣ ਲਈ ਧਰਤੀ ਦੀ ਸਮਰੱਥਾ ਉੱਤੇ ਕਾਫ਼ੀ ਦਬਾਅ ਪਵੇਗਾ।




ਅਨਾਜ ਦੇ ਉਤਪਾਦਨ ਵਿੱਚ ਪਹਿਲਾਂ ਹੀ ਦੁਨੀਆ ਦੇ ਤਾਜ਼ਾ ਪਾਣੀ ਦੀ ਤਿੰਨ ਚੌਥਾਈ ਤੇ ਇੱਕ ਤਿਹਾਈ ਜ਼ਮੀਨ ਦੀ ਵਰਤੋਂ ਹੋ ਰਹੀ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਅਨਾਜ ਦੀ ਬਰਬਾਦੀ ਨਾਲ ਵਧਦੀ ਹੋਈ ਅਸਮਾਨਤਾ ਦੇ ਨਤੀਜੇ ਵਿੱਚ ਵੀ ਅੱਧਾ ਅਰਬ ਲੋਕ ਅੱਧੀ ਸਦੀ ਤੱਕ ਕੁਪੋਸ਼ਿਤ ਹੋ ਜਾਣਗੇ। ਪੈਦਾ ਕੀਤੇ ਜਾਣ ਵਾਲੇ ਅਨਾਜ ਦੇ ਭੰਡਾਰ ਜਾਂ ਹੱਦੋਂ ਵੱਧ ਖ਼ਰੀਦ ਦੀ ਘਾਟ ਕਾਰਣ ਇਸਤੇਮਾਲ ਨਹੀਂ ਕੀਤੇ ਜਾਂਦੇ ਹਨ। ਰਿਪੋਰਟ ਦੇ ਸਹਿ ਲੇਖਕ ਪ੍ਰਜਲ ਪ੍ਰਧਾਨ ਨੇ ਕਿਹਾ ਕਿ ਦੁਨੀਆ ਵਿੱਚ ਅਨਾਜ ਦੀ ਕਮੀ ਨਹੀਂ ਹੈ।