ਨਵੀਂ ਦਿੱਲੀ: ਹਾਲ ਵਿੱਚ ਹੋਏ ਸਰਵੇ ਮੁਤਾਬਕ 74 ਫ਼ੀਸਦੀ ਲੋਕਾਂ ਨੇ ਮੰਨਿਆ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਖ਼ਰੀਦ/ਸਪਲਾਈ ਵਿੱਚ ਹੋਣ ਵਾਲਾ ਭ੍ਰਿਸ਼ਟਾਚਾਰ ਆਮ ਹੈ ਜਦੋਂਕਿ ਦੋ ਫ਼ੀਸਦੀ ਨੇ ਕਿਹਾ ਕਿ ਅਜਿਹਾ ਨਹੀਂ ਹੈ। 24 ਫ਼ੀਸਦੀ ਲੋਕ ਇਸ ਬਾਰੇ ਨਿਸ਼ਚਿਤ ਨਹੀਂ ਸਨ।

ਕਿਉਂ ਕਰਵਾਇਆ ਗਿਆ ਸਰਵੇ-

ਸਰਕਾਰੀ ਹਸਪਤਾਲਾਂ ਵਿੱਚ ਉਪਕਰਨ ਦੇ ਖ਼ਰਾਬ ਹੋਣ ਤੇ ਆਕਸੀਜਨ ਦਾ ਨਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਮੌਤ ਹੋਈ ਜਿਸ ਨੂੰ ਦੇਖਦੇ ਹੋਏ ਲੋਕਲ ਸਰਕਲ ਨੇ ਇਹ ਸਰਵੇ ਕਰਵਾਇਆ ਕਿ ਇਸ ਸਰਵੇ ਵਿੱਚ 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਵੋਟ ਕੀਤਾ।

ਸਰਵੇ ਨੇ ਕੀਤੇ ਹੈਰਾਨ ਕਰਨ ਵਾਲੇ ਖ਼ੁਲਾਸੇ-

ਸਰਵੇ ਵਿੱਚ 59 ਫ਼ੀਸਦੀ ਨਾਗਰਿਕਾਂ ਨੇ ਇਹ ਮੰਨਿਆ ਕਿ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਵਿੱਚ ਸਾਮਾਨ ਤੇ ਦਵਾਈ ਦੀ ਚੋਰੀ ਤੇ ਵਿਕਰੀ ਆਮ ਹੈ। ਤਿੰਨ ਫ਼ੀਸਦੀ ਲੋਕਾਂ ਨੇ ਮੰਨਿਆ ਕਿ ਅਜਿਹਾ ਨਹੀਂ ਹੈ ਜਦੋਂਕਿ 38 ਫ਼ੀਸਦੀ ਲੋਕ ਇਸ ਬਾਰੇ ਵਿੱਚ ਨਿਸ਼ਚਿਤ ਨਹੀਂ ਸਨ ਤੇ ਆਪਣੇ ਵਿਚਾਰ ਜ਼ਾਹਿਰ ਨਹੀਂ ਕੀਤੇ।

ਦਵਾਈ ਬਾਹਰ ਵੇਚਦੇ ਫੜੇ ਗਏ ਕਰਮਚਾਰੀ-

ਲੋਕਲ ਸਰਕਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੂੰ ਬਾਹਰ ਦੇ ਵਿਅਕਤੀਆਂ ਨੂੰ ਘੱਟ ਮੁੱਲ ਵਿੱਚ ਦਵਾਈਆਂ ਵੇਚਦੇ ਫੜਿਆ ਗਿਆ ਹੈ। ਇੱਥੋਂ ਤੱਕ ਕਿ ਸੀਰੀਜ਼ ਤੇ ਪੱਟੀਆਂ ਵਰਗੀਆਂ ਚੀਜ਼ਾਂ ਨੂੰ ਬਾਹਰੀ ਲੋਕਾਂ ਨੂੰ ਵੇਚਿਆ ਗਿਆ। ਸਰਕਾਰੀ ਹਸਪਤਾਲ ਵਿੱਚ ਦਵਾਈਆਂ ਪਹੁੰਚਾਉਣ ਵਾਲੇ ਜ਼ਿਆਦਾਤਰ ਸਪਲਾਈ ਕਰਨ ਵਾਲਿਆਂ ਨੂੰ ਬਿੱਲ ਪਾਸ ਕਰਾਉਣ ਦੇ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ।

ਇਸ ਲਈ ਸਰਕਾਰੀ ਹਸਪਤਾਲ ਜਾਂਦੇ ਨੇ ਲੋਕ-

ਸਰਵੇ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਜਾਣ ਦਾ ਪ੍ਰਮੁੱਖ ਕਾਰਨ ਕੀ ਹੈ। ਸਿਰਫ਼ 15 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਸਰਕਾਰੀ ਹਸਪਤਾਲਾਂ ਉੱਤੇ ਪ੍ਰਾਈਵੇਟ ਹਸਪਤਾਲਾਂ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਹਨ ਤੇ 16 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਘੱਟ ਲਾਗਤ ਦੇ ਕਾਰਨ ਉੱਥੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ 65 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਜਾਂਦੇ ਤੇ 4 ਫ਼ੀਸਦੀ ਨੇ ਕਿਹਾ ਕਿ ਸਰਕਾਰੀ ਹਸਪਤਾਲ ਹੀ ਉਸ ਦੇ ਸ਼ਹਿਰ ਵਿੱਚ ਇੱਕੋ ਇੱਕ ਬਦਲ ਹੈ।

ਕਿਵੇਂ ਘੱਟ ਹੋ ਸਕਦਾ ਭ੍ਰਿਸ਼ਟਾਚਾਰ-

ਸਰਵੇ ਵਿੱਚ ਖਪਤਕਾਰਾਂ ਤੋਂ ਜਦੋਂ ਪੁੱਛਿਆ ਗਿਆ ਕਿ ਰਾਜ ਸਰਕਾਰ ਦੇ ਹਸਪਤਾਲਾਂ ਵਿੱਚ ਭ੍ਰਿਸ਼ਟਾਚਾਰ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ। ਭ੍ਰਿਸ਼ਟਾਚਾਰ ਘੱਟ ਕਰਨ ਦੇ ਸੁਆਲ ਉੱਤੇ 40 ਫ਼ੀਸਦੀ ਲੋਕਾਂ ਨੇ ਕਿਹਾ ਕਿ ਰਾਜ ਦੀ ਭ੍ਰਿਸ਼ਟਾਚਾਰ ਰੋਕਥਾਮ ਇਕਾਈਆਂ ਨੂੰ ਮਜ਼ਬੂਤ ਕਰ ਕੇ ਅਜਿਹਾ ਕੀਤਾ ਜਾ ਸਕਦਾ। 18 ਫ਼ੀਸਦੀ ਨੇ ਕਿਹਾ ਕਿ ਇੰਨਾ ਹਸਪਤਾਲਾਂ ਦਾ ਨਿੱਜੀਕਰਨ ਕਰ ਕੇ ਅਜਿਹਾ ਕੀਤਾ ਜਾ ਸਕਦਾ ਹੈ ਤੇ 29 ਫ਼ੀਸਦੀ ਲੋਕਾਂ ਨੇ ਕਿਹਾ ਕਿ ਇਲੈਕਟ੍ਰਾਨਿਕ ਖ਼ਰੀਦ ਨੂੰ ਜ਼ਰੂਰੀ ਕਰ ਕੇ ਭ੍ਰਿਸ਼ਟਾਚਾਰ ਘੱਟ ਕੀਤਾ ਜਾ ਸਕਦਾ ਹੈ।