ਨਵੀਂ ਦਿੱਲੀ: ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਰਹਿਣ ਵਾਲੀ ਕਮਲਾ (ਬਦਲਿਆ ਹੋਇਆ ਨਾਮ) ਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਹਾਲੇ ਵਿਆਹ ਨੂੰ ਚਾਰ ਮਹੀਨੇ ਹੀ ਹੋਏ ਸੀ ਤੇ ਕਮਲਾ ਦਾ ਪੀਰੀਅਡ ਮਿਸ ਹੋ ਗਿਆ। ਉਹ ਇੰਨੀ ਜਲਦੀ ਬੱਚਾ ਨਹੀਂ ਚਾਹੁੰਦੀ ਸੀ। ਇਸ ਲਈ ਉਹ ਮਾਨਸਿਕ ਤੇ ਸਰੀਰਿਕ ਤੌਰ 'ਤੇ ਤਿਆਰ ਨਹੀਂ ਸੀ। ਇਸ ਲਈ ਉਹ ਗਰਭਪਾਤ ਕਰਵਾਉਣ ਲਈ ਮਹਿਲਾ ਡਾਕਟਰ ਦੇ ਕਲੀਨਕ ਪਹੁੰਚੀ। ਉਸ ਨੇ ਇਸ ਬਾਰੇ ਆਪਣੇ ਪਤੀ ਨੂੰ ਨਹੀਂ ਦੱਸਿਆ। ਸੰਸਾਰ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ, ਦੁਨੀਆ ਵਿੱਚ ਹਰ ਸਾਲ 5.6 ਕਰੋੜ ਔਰਤਾਂ ਗਰਭਪਾਤ ਕਰਵਾਉਂਦੀਆਂ ਹਨ, ਜਿਨ੍ਹਾਂ ਵਿੱਚੋਂ 45 ਫੀਸਦੀ ਗਰਭਪਾਤ ਅਣਸੁਰੱਖਿਅਤ ਹੁੰਦੇ ਹਨ।

ਕਮਲਾ ਨਾਲ ਵੀ ਅਜਿਹਾ ਹੀ ਹੋਇਆ। ਇਕੱਲੀ ਮਹਿਲਾ ਨੂੰ ਗਰਭਪਾਤ ਬਾਰੇ ਗੱਲ ਕਰਦਿਆਂ ਮਹਿਲਾ ਡਾਕਟਰ ਨੇ ਕਿਹਾ, ਜੇਕਰ ਹਸਪਤਾਲ ਵਿੱਚ ਜਾ ਕੇ ਗਰਭਪਾਤ ਕਰਵਾਉਣਾ ਹੈ ਤਾਂ 4000 ਰੁਪਏ ਲੱਗਣਗੇ ਤੇ ਪਤੀ ਨੂੰ ਵੀ ਕਾਗਜ਼ 'ਤੇ ਦਸਤਖਤ ਕਰਨੇ ਪੈਣਗੇ, ਇਸ ਲਈ ਮੈਂ ਇਹ ਸਭ ਕਲੀਨਕ ਵਿੱਚ ਵੀ ਕਰ ਸਕਦੀ ਹਾਂ। ਖਰਚਾ ਥੋੜਾ ਘੱਟ ਹੋਵੇਗਾ ਤੇ ਜਲਦੀ-ਜਲਦੀ ਸਭ ਹੋ ਜੇਵਗਾ। ਕਮਲਾ ਨੂੰ ਪੈਸਿਆਂ ਦੀ ਵੀ ਚਿੰਤਾ ਸੀ ਤੇ ਪਤੀ ਦੀ ਵੀ। ਇਸ ਲਈ ਉਸ ਨੇ ਤੁਰੰਤ ਗਰਭਪਾਤ ਲਈ ਹਾਮੀ ਭਰ ਦਿੱਤੀ। ਅਜਿਹੇ ਗਰਭਪਾਤ ਵਿੱਚ ਅਕਸਰ ਖ਼ਤਰਾ ਰਹਿੰਦਾ ਹੈ। ਅਮਰੀਕਾ ਦੀ ਗੁਟਮਾਕਰ ਯੂਨੀਵਰਸਿਟੀ ਨਾਲ ਮਿਲ ਕੇ ਵਿਸ਼ਵ ਸਿਹਤ ਸੰਸਥਾਨ ਨੇ ਜੋ ਰਿਪੋਰਟ ਜਾਰੀ ਕੀਤੀ ਹੈ, ਉਸ ਮੁਤਾਬਕ ਦੁਨੀਆ ਦੇ 97 ਫੀਸਦੀ ਅਣਸੁਰੱਖਿਅਤ ਗਰਭਪਾਤ ਏਸ਼ੀਆ, ਅਫ਼ਰੀਕਾ ਤੇ ਲੈਟਿਨ ਅਮਰੀਕੀ ਦੇਸ਼ਾਂ ਵਿੱਚ ਹੁੰਦੇ ਹਨ।

ਕਮਲਾ ਨੇ ਜਿਸ ਡਾਕਟਰ ਕੋਲੋਂ ਗਰਭਪਾਤ ਕਰਵਾਇਆ ਸੀ, ਉਸ ਨੇ ਆਪਣੇ ਘਰ ਵਿੱਚ ਹੀ ਕਲੀਨਕ ਖੋਲ੍ਹਿਆ ਹੋਇਆ ਸੀ। ਪੂਰੀ ਪ੍ਰਕਿਰਿਆ ਕਰੀਬ ਅੱਧੇ ਘੰਟੇ ਤੱਕ ਚੱਲੀ। ਬਾਅਦ ਵਿੱਚ ਡਾਕਟਰ ਨੇ ਦੋ ਦਿਨ ਬਿਸਤਰ 'ਤੇ ਰਹਿਣ ਦੀ ਸਲਾਹ ਦਿੱਤੀ ਤੇ ਹਫਤੇ ਭਰ ਲਈ ਆਇਰਨ ਦੀ ਗੋਲੀ ਖਾਣ ਨੂੰ ਕਿਹਾ। ਕਮਲਾ ਨੂੰ ਵੀ ਲੱਗਿਆ ਕਿ ਸਭ ਠੀਕ-ਠਾਕ ਹੋ ਗਿਆ ਤੇ ਕਿਸੇ ਨੂੰ ਕੁਝ ਦੱਸਣ ਦੀ ਵੀ ਜ਼ਰੂਰਤ ਨਹੀਂ ਪਈ ਤੇ ਨਾ ਹੀ ਪੁੱਛਣ ਸੀ। ਤਿੰਨ ਮਹੀਨੇ ਬਾਅਦ ਕਮਲਾ ਨੂੰ ਫਿਰ ਪੀਰੀਅਡ ਵਿੱਚ ਪ੍ਰੇਸ਼ਾਨੀ ਆਈ। ਮਾਮਲਾ ਇਸ ਵਾਰ ਪ੍ਰੈਗਨੈਂਸੀ ਨਾਲ ਜੁੜਿਆ ਨਹੀਂ ਸੀ ਬਲਕਿ ਪਹਿਲਾਂ ਕਰਵਾਏ ਗਏ ਗਰਭਪਾਤ ਨਾਲ ਜੁੜਿਆ ਸੀ। ਦਿੱਕਤ ਵਧੀ ਤਾਂ ਕਮਲਾ ਨੂੰ ਵੱਡੇ ਹਸਪਤਾਲ ਵਿੱਚ ਜਾਣਾ ਪਿਆ ਤੇ ਪਤੀ ਨੂੰ ਪਿਛਲੀ ਕਹਾਣੀ ਦੱਸਣੀ ਪਈ।

ਵਿਸ਼ਵ ਸਿਹਤ ਸੰਸਥਾ ਨੇ ਆਪਣੀ ਰਿਪੋਰਟ ਵਿੱਚ ਦੁਨੀਆ ਭਰ ਵਿੱਚ ਕਰਵਾਏ ਜਾ ਰਹੇ ਗਰਭਪਾਤ ਨੂੰ ਤਿੰਨ ਹਿਸਿੱਆਂ ਵਿੱਚ ਵੰਡਿਆ ਹੈ। ਸੁਰੱਖਿਅਤ, ਘੱਟ ਸੁਰੱਖਿਅਤ ਗਰਭਪਾਤ ਤੇ ਬਹੁਤ ਘੱਟ ਸੁਰੱਖਿਅਤ ਗਰਭਪਾਤ। ਸੁਰੱਖਿਅਤ ਗਰਭਪਾਤ ਨੂੰ ਦੱਸਦਿਆਂ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਗਰਭਪਾਤ ਮਾਹਿਰ ਡਾਕਟਰਾਂ ਵੱਲੋਂ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਕਰਵਾਏ ਜਾਂਦੇ ਹਨ। ਅੰਕੜਿਆਂ ਮੁਤਾਬਕ ਦੁਨੀਆ ਵਿੱਚ 55 ਫੀਸਦੀ ਗਰਭਪਾਤ ਸੁਰੱਖਿਅਤ ਗਰਭਪਾਤ ਵਿੱਚ ਆਉਂਦੇ ਹਨ। ਘੱਟ ਸੁਰੱਖਿਅਤ ਗਰਭਪਾਤ ਵੀ ਮਾਹਿਰ ਡਾਕਟਰਾਂ ਵੱਲੋਂ ਹੀ ਕਰਵਾਏ ਜਾਂਦੇ ਹਨ। ਇਸ ਵਿੱਚ ਕਿਸੇ ਵਜ੍ਹਾ ਕਰਕੇ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾਂਦਾ।

ਇਸ ਰਿਪੋਰਟ ਮੁਤਾਬਕ 31 ਫੀਸਦੀ ਗਰਭਪਾਤ ਘੱਟ ਸੁਰੱਖਿਅਤ ਮੰਨੇ ਗਏ ਹਨ। ਬਹੁਤ ਘੱਟ ਸੁਰੱਖਿਅਤ ਗਰਭਪਾਤ ਵਿੱਚ ਨਾ ਤਾਂ ਡਾਕਟਰ ਮਾਹਿਰ ਹੁੰਦੇ ਹਨ ਤੇ ਨਾ ਹੀ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਨੂੰ ਮੰਨਿਆ ਜਾਂਦਾ ਹੈ। ਰਿਪੋਰਟ ਵਿੱਚ ਅਜਿਹੇ ਗਾਰਭਪਾਤਾਂ ਦੀ ਗਿਣਤੀ 14 ਫੀਸਦੀ ਦੱਸੀ ਗਈ ਹੈ। ਰਿਪੋਰਟ ਵਿੱਚ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ 'ਤੇ ਵੀ ਵੱਖਰੇ ਅੰਕੜੇ ਦਿੱਤੇ ਗਏ ਹਨ। ਇਸ ਮੁਤਾਬਕ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ 50 ਫੀਸਦੀ ਤੱਕ ਅਣਸੁਰੱਖਿਅਤ ਗਰਭਪਾਤ ਹੁੰਦੇ ਹਨ। ਇਸ ਪਿੱਛੇ ਕਈ ਕਾਰਨਾਂ ਦੇ ਨਾਲ ਇੱਕ ਗਰਭਪਾਤ ਨਾਲ ਜੁੜਿਆ ਕ਼ਾਨੂੰਨ ਵੀ ਹੈ।

ਭਾਰਤ ਵਿੱਚ ਮੌਜੂਦਾ ਕਾਨੂੰਨ ਇਸ ਗੱਲ ਦੀ ਇਜ਼ਾਜਤ ਨਹੀਂ ਦਿੰਦਾ ਕਿ ਕਮਲਾ ਨੂੰ ਗਰਭਪਾਤ ਕਰਵਾਉਣ ਵੇਲੇ ਕਾਗਜ਼ ਤੇ ਪਤੀ ਦੇ ਦਸਤਖ਼ਤ ਕਰਵਾਉਣ ਦੀ ਲੋੜ ਪੈਂਦੀ ਪਰ ਡਾਕਟਰ ਨੇ ਫਿਰ ਵੀ ਅਜਿਹਾ ਕੀਤਾ। ਇਸ ਲਈ ਭਾਰਤ ਵਿੱਚ ਵੀ ਗਰਭਪਾਤ ਕਾਨੂੰਨ ਵਿੱਚ ਬਦਲਾਅ ਦੀ ਪਹਿਲ ਸ਼ੁਰੂ ਕੀਤੀ ਗਈ ਹੈ। ਮੌਜੂਦਾ ਕਾਨੂੰਨ ਵਿੱਚ ਸ਼ਾਦੀਸ਼ੁਦਾ ਮਹਿਲਾਵਾਂ ਨੂੰ ਗਰਭਪਾਤ ਕਰਵਾਉਣ ਦੀ ਇਜ਼ਾਜ਼ਤ ਹੈ। ਇਸ ਲਈ ਅਕਸਰ ਅਣਵਿਆਹੀਆਂ ਲੜਕੀਆਂ ਡਾਕਟਰਾਂ ਦੇ ਕੋਲ ਜਾ ਕੇ ਗਰਭਪਾਤ ਕਰਵਾਉਣ ਤੋਂ ਬਚਦੀਆਂ ਹਨ।