Sugar vs Jaggery: ਹੁਣ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਕਿ ਖੰਡ ਸਰੀਰ ਲਈ ਹਾਨੀਕਾਰਕ ਹੁੰਦੀ ਹੈ। ਕਈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖਾਣੇ ਵਿੱਚ ਚੀਨੀ ਦੀ ਥਾਂ ਗੁੜ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਕੀ ਗੁੜ ਸੱਚਮੁੱਚ ਖੰਡ ਨਾਲੋਂ ਬਿਹਤਰ ਹੈ? ਅੱਜ ਇਸ ਆਰਟੀਕਲ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਚੀਜ਼ ਸਿਹਤ ਲਈ ਫਾਇਦੇਮੰਦ ਹੈ, ਚੀਨੀ ਜਾਂ ਗੁੜ? ਇਸ ਦੇ ਨਾਲ ਹੀ ਇਨ੍ਹਾਂ ਦੇ ਫਾਇਦਿਆਂ ਤੇ ਨੁਕਸਾਨਾਂ ਬਾਰੇ ਵੀ ਜਾਣਾਂਗੇ। ਇਸ ਤੋਂ ਇਲਾਵਾ ਪਤਾ ਲੱਗੇਗਾ ਕਿ ਦੋਵਾਂ ਵਿੱਚੋਂ ਕਿਸ ਨੂੰ ਜ਼ਿਆਦਾ ਖਾਧਾ ਜਾ ਸਕਦਾ ਹੈ?
ਕੀ ਚੀਨੀ ਦੀ ਬਜਾਏ ਗੁੜ ਦੀ ਵਰਤੋਂ ਸਹੀ?
ਇਹ ਸੱਚ ਹੈ ਕਿ ਹਰ ਵੇਲੇ ਖੰਡ ਦੀ ਬਜਾਏ ਗੁੜ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਗੁੜ ਤੇ ਚੀਨੀ ਦੀ ਵਰਤੋਂ ਮੌਸਮ ਤੇ ਫੂਡ ਕੰਬੀਨੇਸ਼ਨ 'ਤੇ ਨਿਰਭਰ ਕਰਦੀ ਹੈ। ਅਕਸਰ ਸਰਦੀਆਂ ਵਿੱਚ ਗੁੜ ਤੇ ਗਰਮੀਆਂ ਵਿੱਚ ਚੀਨੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਸੀਂ ਗੁੜ ਪੋਲੀ, ਤਿਲ ਚਿੱਕੀ, ਗੋਂਡ ਦੇ ਲੱਡੂ ਤੇ ਬਾਜਰੇ ਦੀਆਂ ਰੋਟੀਆਂ ਨਾਲ ਗੁੜ ਦੀ ਵਰਤੋਂ ਕਰ ਸਕਦੇ ਹੋ। ਜਦੋਂਕਿ ਖੰਡ ਦੀ ਵਰਤੋਂ ਸ਼ਰਬਤ, ਚਾਹ/ਕੌਫੀ, ਸ਼੍ਰੀਖੰਡ, ਸ਼ਿਕੰਜਵੀ ਵਿੱਚ ਨਾਲ ਕੀਤੀ ਜਾਂਦੀ ਹੈ। ਇਸ ਲਈ ਹਰ ਵੇਲੇ ਚੀਨੀ ਦੀ ਥਾਂ ਗੁੜ ਦੀ ਵਰਤੋਂ ਨਹੀਂ ਹੋ ਸਕਦੀ, ਸਗੋਂ ਸਮੇਂ ਤੇ ਸਥਿਤੀ ਅਨੁਸਾਰ ਦੋਵਾਂ ਦੀ ਵਰਤੋਂ ਕੀਤੀ ਜਾਏ ਤਾਂ ਸਹੀ ਹੈ।
ਖੰਡ ਤੇ ਗੁੜ ਬਣਾਉਣ ਦੀ ਪ੍ਰਕਿਰਿਆ ਇੱਕੋ ਜਿਹੀ
ਖੰਡ ਤੇ ਗੁੜ ਦੋਵਾਂ ਦਾ ਸਰੋਤ ਗੰਨੇ ਦਾ ਰਸ ਹੈ। ਸਿਰਫ਼ ਬਣਾਉਣ ਦਾ ਤਰੀਕਾ ਵੱਖਰਾ ਹੈ ਪਰ ਗੁੜ ਦੇ ਫਾਇਦੇ ਚੀਨੀ ਨਾਲੋਂ ਜ਼ਿਆਦਾ ਹੁੰਦੇ ਹਨ। ਕਈ ਸਿਹਤ ਮਾਹਿਰਾਂ ਅਨੁਸਾਰ ਗੁੜ ਪੂਰੀ ਤਰ੍ਹਾਂ ਕੁਦਰਤੀ ਹੈ, ਜਦੋਂਕਿ ਖੰਡ ਬਣਾਉਣ ਵੇਲੇ ਬਲੀਚਿੰਗ ਏਜੰਟ ਤੇ ਕਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰਿਫਾਇੰਡ ਸ਼ੂਗਰ ਤਿਆਰ ਕਰਨ ਲਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਗੁੜ ਇਸ ਤਰ੍ਹਾਂ ਤਿਆਰ ਨਹੀਂ ਕੀਤਾ ਜਾਂਦਾ। ਗੁੜ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਅਨੀਮੀਆ ਤੋਂ ਪੀੜਤ ਲੋਕਾਂ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਜ਼ਿੰਕ, ਕੈਲਸ਼ੀਅਮ ਤੇ ਸੇਲੇਨਿਅਮ ਨਾਲ ਭਰਪੂਰ ਹੁੰਦਾ ਹੈ।
ਖੰਡ ਸਿਰਫ ਕੈਲੋਰੀ ਵਧਾਉਂਦੀ ਪਰ ਗੁੜ ਦੇ ਬਹੁਤ ਸਾਰੇ ਫਾਇਦੇ
ਸਿਹਤ ਮਾਹਿਰਾਂ ਮੁਤਾਬਕ ਗੁੜ ਹੌਲੀ-ਹੌਲੀ ਘੁਲਦਾ ਹੈ, ਜਿਸ ਕਾਰਨ ਇਹ ਸਾਡੀ ਸ਼ੂਗਰ ਨੂੰ ਸੰਤੁਲਿਤ ਰੱਖਦਾ ਹੈ, ਜਦੋਂਕਿ ਖੰਡ ਤੇਜ਼ੀ ਨਾਲ ਘੁਲ ਜਾਂਦੀ ਹੈ, ਜਿਸ ਕਾਰਨ ਸ਼ੂਗਰ-ਬੀਪੀ ਤੇਜ਼ੀ ਨਾਲ ਵੱਧ ਜਾਂਦਾ ਹੈ। ਖੰਡ ਸਿਰਫ ਕੈਲੋਰੀ ਵਧਾਉਂਦੀ ਹੈ ਜਦੋਂਕਿ ਗੁੜ ਵਿੱਚ ਆਇਰਨ, ਵਿਟਾਮਿਨ ਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਦੀ ਸਿਹਤ ਤੇ ਇਮਿਊਨਿਟੀ ਲਈ ਵਧੀਆ ਸਰੋਤ ਬਣਦੇ ਹਨ। ਆਯੁਰਵੇਦ ਅਨੁਸਾਰ ਗੁੜ ਵਿੱਚ ਐਂਟੀ-ਐਲਰਜੀ ਗੁਣ ਹੁੰਦੇ ਹਨ ਤੇ ਇਹ ਦਮਾ, ਖੰਘ, ਜ਼ੁਕਾਮ ਤੇ ਛਾਤੀ ਵਿੱਚ ਬਲਗਮ, ਸਾਹ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਹੈ।
ਆਯੁਰਵੇਦ ਅਨੁਸਾਰ ਖਾਣਾ ਖਾਣ ਤੋਂ ਬਾਅਦ ਗੁੜ ਦਾ ਇੱਕ ਟੁਕੜਾ ਖਾਓ। ਇਹ ਸਰੀਰ ਦੀ ਸਾਰੀ ਗੰਦਗੀ ਨੂੰ ਦੂਰ ਕਰ ਦੇਵੇਗਾ। ਇਸ ਦੇ ਨਾਲ ਹੀ ਇਹ ਭੋਜਨ ਦੇ ਪਾਚਨ ਵਿੱਚ ਮਦਦ ਕਰਦਾ ਹੈ ਪਰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਚੀਨੀ ਤੇ ਗੁੜ ਦੋਵੇਂ ਸਰੀਰ ਵਿੱਚ ਕੈਲੋਰੀ ਵਧਾ ਸਕਦੇ ਹਨ। ਜੇਕਰ ਤੁਸੀਂ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ ਤਾਂ ਗੁੜ ਦਾ ਸੇਵਨ ਕਰੋ ਕਿਉਂਕਿ ਕੈਲੋਰੀ ਨਾਲ ਭਰਪੂਰ ਹੋਣ ਦੇ ਬਾਵਜੂਦ ਗੁੜ ਦੇ ਕੁਝ ਸਿਹਤ ਲਾਭ ਹੁੰਦੇ ਹਨ ਜਦੋਂਕਿ ਚੀਨੀ ਦੇ ਬਹੁਤ ਘੱਟ ਫਾਇਦੇ ਹੁੰਦੇ ਹਨ।
ਖੰਡ ਅੰਤੜੀਆਂ ਵਿੱਚ ਛੇਕ ਕਰ ਸਕਦੀ
ਖੰਡ ਬੀਪੀ ਤੇ ਸ਼ੂਗਰ ਨੂੰ ਬਹੁਤ ਤੇਜ਼ੀ ਨਾਲ ਵਧਾਉਂਦੀ ਹੈ। ਇੰਨਾ ਹੀ ਨਹੀਂ, ਜ਼ਿਆਦਾ ਖੰਡ ਖਾਣ ਨਾਲ ਲੀਵਰ ਨੂੰ ਵੀ ਨੁਕਸਾਨ ਹੋ ਸਕਦਾ ਹੈ ਤੇ ਅੰਤੜੀ ਦੀ ਲਾਈਨਿੰਗ ਵਿੱਚ ਛੇਕ ਹੋ ਸਕਦੇ ਹਨ। ਇਸ ਕਾਰਨ ਵਿਅਕਤੀ ਗੰਭੀਰ ਰੂਪ ਵਿੱਚ ਬਿਮਾਰ ਹੋ ਸਕਦਾ ਹੈ। ਭਾਰਤੀਆਂ ਵਿੱਚ ਇਸ ਨੂੰ ਲੀਕੀ ਗਟ ਕਿਹਾ ਜਾਂਦਾ ਹੈ। ਭਾਵੇਂ ਗੁੜ ਵਿੱਚ ਚੀਨੀ ਵੀ ਹੁੰਦੀ ਹੈ ਪਰ ਇਸ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ ਆਦਿ ਵਾਧੂ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ।
ਇਹ ਵੀ ਅਸਲੀਅਤ ਹੈ ਕਿ ਚੀਨੀ ਹੋਵੋ ਜਾਂ ਗੁੜ ਇਨ੍ਹਾਂ ਨੂੰ ਸੋਚ-ਸਮਝ ਕੇ ਖਾਣ ਦੀ ਲੋੜ ਹੈ। ਉਹ ਵਿਅਕਤੀ ਜੋ ਲਗਾਤਾਰ ਭਾਰ ਵਧਣ, ਹਾਰਮੋਨਲ ਅਸੰਤੁਲਨ ਤੇ ਹਾਸ਼ੀਮੋਟੋਸ ਥਾਇਰਾਇਡ ਵਰਗੀ ਆਟੋਇਮਿਊਨ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਚੀਨੀ ਜਾਂ ਗੁੜ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਕਿਸੇ ਵੀ ਖਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ।