ਚੰਡੀਗੜ੍ਹ: ਬੁਖ਼ਾਰ ਮਗਰੋਂ ਡੇਂਗੂ ਦੇ ਕਈ ਮਾਮਲੇ ਸਾਹਮਣੇ ਆਏ ਪਰ ਇੱਕ ਨਵੀਂ ਕਿਸਮ ਦਾ ਡੇਂਗੂ ਸਾਹਮਣੇ ਆਇਆ ਹੈ ਜੋ ਬਿਨ੍ਹਾਂ ਬੁਖ਼ਾਰ ਦੇ ਵੀ ਹੋ ਜਾਂਦਾ ਹੈ। ਏਮਜ਼ ਹਸਪਤਾਲ ਦੇ ਡਾਕਟਰਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਡਾਕਟਰਾਂ ਨੇ ਇੱਕ ਕੇਸ ਸਟੱਡੀ ਕੀਤੀ ਹੈ ਜਿਸ ਮੁਤਾਬਕ ਕੁਝ ਅਸਾਧਾਰਨ ਕੇਸ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਡੇਂਗੂ ਦੇ ਸ਼ਿਕਾਰ ਮਰੀਜ਼ ਨੂੰ ਬੁਖ਼ਾਰ ਨਹੀਂ ਹੁੰਦਾ।

ਮੀਡੀਆ ਰਿਪੋਰਟਾਂ ਮੁਤਾਬਕ ਹਸਪਤਾਲ ਵਿੱਚ ਕੰਮ ਕਰਨ ਵਾਲੇ 50 ਸਾਲਾਂ ਦੇ ਸਫਾਈ ਮੁਲਾਜ਼ਮ ਨੂੰ ਬਿਨ੍ਹਾਂ ਬੁਖ਼ਾਰ ਹੀ ਡੇਂਗੂ ਹੋ ਗਿਆ। ਉਸ ਨੂੰ ਕਾਫੀ ਥਕਾਨ ਹੋ ਜਾਂਦੀ ਸੀ। ਇਸ ਲਈ ਉਸ ਨੇ ਡਾਕਟਰਾਂ ਤੋਂ ਆਪਣਾ ਚੈੱਕਅਪ ਕਰਾਇਆ। ਜਦੋਂ ਉਸ ਦਾ ਖ਼ੂਨ ਟੈਸਟ ਕੀਤਾ ਗਿਆ ਤਾਂ ਉਸ ਦੇ ਖ਼ੂਨ ਵਿੱਚ ਕਾਫੀ ਸ਼ੂਗਰ ਪਾਈ ਗਈ। ਇਸ ਦੇ ਨਾਲ ਹੀ ਪਤਾ ਲੱਗਾ ਕਿ ਮਰੀਜ਼ ਦੇ ਸਰੀਰ ਵਿੱਚ WBC, RBC  ਤੇ ਪਲੇਟਲੈੱਟਸ ਦੀ ਸੰਖਿਆ ਵੀ ਕਾਫੀ ਘੱਟ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਸਾਹਮਣੇ ਆਉਣ ਬਾਅਦ ਉਸ ਦਾ ਡੇਂਗੂ ਟੈਸਟ ਕੀਤਾ ਗਿਆ ਤੇ ਇਸ ਦਾ ਰਿਜ਼ਲਟ ਪਾਜ਼ੇਟਿਵ ਆਇਆ।

ਏਮਜ਼ ਦੇ ਡਾਕਟਰਾਂ ਨੇ ਕਿਹਾ ਕਿ ਅਜਿਹੇ ਮਰੀਜ਼ ਜਿਨ੍ਹਾਂ ਨੂੰ ਬਿਨ੍ਹਾਂ ਬੁਖ਼ਾਰ ਚੜ੍ਹੇ ਡੇਂਗੂ ਹੋ ਜਾਂਦਾ ਹੈ, ਉਹ ਜ਼ਿਆਦਾਤਰ ਬਜ਼ੁਰਗ ਹੁੰਦੇ ਹਨ। ਇਨ੍ਹਾਂ ਦਾ ਇਮਿਊਨ ਸਿਸਟਮ ਕਾਫੀ ਕਮਜ਼ੋਰ ਹੁੰਦਾ ਹੈ। ਇਸ ਤਰ੍ਹਾਂ ਦੀ ਸ਼ਿਕਾਇਤ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਹੁੰਦੀ ਹੈ।

ਕੀ ਹੁੰਦਾ ਹੈ ਡੇਂਗੂ

ਡੇਂਗੂ ਇੱਕ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਜੋ ਏਡੀਜ਼ ਨਾਂ ਦੇ ਮੱਛਰ ਦੀਆਂ ਨਸਲਾਂ ਦੇ ਕੱਟਣ ਕਾਰਨ ਹੁੰਦੀ ਹੈ। ਇਸ ਮੱਛਰ ਦੇ ਕੱਟਣ ਨਾਲ ਮਰੀਜ਼ ਦੇ ਸਰੀਰ ਵਿੱਚ ਤੇਜ਼ ਬੁਖ਼ਾਰ ਤੇ ਸਿਰ ਦਰਦ ਹੁੰਦਾ ਹੈ। ਡੇਂਗੂ ਦੇ ਮਰੀਜ਼ ਦੇ ਸਰੀਰ ਵਿੱਚ ਪਲੇਟਲੈੱਟਸ ਦੀ ਗਿਣਤੀ ਤੇਜ਼ੀ ਨਾਲ ਘਟਦੀ ਹੈ ਜਿਸ ਨਾਲ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ। ਡੇਂਗੂ ਦੇ ਮੱਛਰ ਹਮੇਸ਼ਾ ਸਾਫ ਪਾਣੀ ਵਿੱਚ ਵਧਦੇ ਹਨ, ਜਿਵੇਂ ਪਾਣੀ ਦੀ ਟੈਂਕੀ, ਕੂਲਰ ਦਾ ਪਾਣੀ ਆਦਿ। ਮਲੇਰੀਆ ਦੇ ਮੱਛਕ ਗੰਦੇ ਪਾਣੀ ਵਿੱਚ ਪਣਪਦੇ ਹਨ। ਡੇਂਗੂ ਦੇ ਮੱਛਰ ਜ਼ਿਆਦਾਤਰ ਦਿਨ ਵੇਲੇ ਕੱਟਦੇ ਹਨ। ਇਹ ਬਿਮਾਰੀ ਗਰਮੀ ਦੇ ਬਾਰਸ਼ਾਂ ਦੇ ਮੌਸਮ ਵਿੱਚ ਜ਼ਿਆਦਾ ਫੈਲਦੀ ਹੈ।

ਡੇਂਗੂ ਦੇ ਲੱਛਣ

  • ਤੇਜ਼ ਠੰਡ ਲੱਗਣਾ ਤੇ ਬੁਖ਼ਾਰ ਹੋਣਾ

  • ਕਮਰ ਤੇ ਸਿਰ ਵਿੱਚ ਤੇਜ਼ ਦਰਦ

  • ਦਰਦ ਹੋਣਾ

  • ਖਾਂਸੀ ਤੇ ਗਲੇ ’ਚ ਦਰਦ

  • ਸਰੀਰ ’ਤੇ ਲਾਲ ਦਾਣੇ

  • ਉਲਟੀ ਆਉਣਾ


ਇੰਜ ਕਰੋ ਡੇਂਗੂ ਤੋਂ ਬਚਾਅ

  • ਪਾਣੀ ਜਮ੍ਹਾ ਨਾ ਹੋਣ ਦਿਉ। ਬਾਲਟੀਆਂ ਵਿੱਚ ਰੱਖੇ ਪਾਣੀ ਨੂੰ ਇੱਕ ਜਾਂ ਦੋ ਦਿਨਾਂ ਬਾਅਦ ਬਦਲਦੇ ਰਹੋ।

  • ਜ਼ਿਆਦਾ ਦਿਨਾਂ ਤਕ ਬੁਖ਼ਾਰ ਰਹੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

  • ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ। ਘਰ ਵਿੱਚ ਕੀਟਨਾਸ਼ਕਾਂ ਨੂੰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕਰੋ।

  • ਕੂੜੇਦਾਨ ਵਿੱਚ ਕੂੜਾ ਇਕੱਠਾ ਨਾ ਹੋਣ ਦਿਉ।


ਡੇਂਗੂ ਦਾ ਇਲਾਜ

ਡੇਂਗੂ ਦੇ ਮਰੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਦੇਣੇ ਚਾਹੀਦੇ ਹਨ। ਇਸ ਨਾਲ ਉਸਦੇ ਸਰੀਰ ਅੰਦਰ ਪਾਣੀ ਦੀ ਕਮੀ ਨਹੀਂ ਹੋਏਗੀ। ਉਸਨੂੰ ਪਪੀਤੇ ਦੇ ਪੱਤਿਆਂ ਨੂੰ ਪਾਣੀ ਵਿੱਚ ਪੀਸ ਕੇ ਦੇਣਾ ਚਾਹੀਦਾ ਹੈ। ਨਾਰੀਅਲ ਤੇ ਜੂਸ ਵੀ ਦਿੱਤਾ ਜਾ ਸਕਦਾ ਹੈ।