ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਸਹੀ ਤਰ੍ਹਾਂ ਦੇ ਸਨੈਕਸ ਲੈਣ ਦੀ ਲੋੜ ਹੁੰਦੀ ਹੈ। ਬਾਦਾਮਾਂ ਨੂੰ ਅਸੀਂ ਆਮ ਤੌਰ ਉੱਤੇ ਸਨੈਕਿੰਗ ਵਜੋਂ ਹੀ ਵਰਤਦੇ ਹਾਂ। ਇਨ੍ਹਾਂ ਦੇ ਬਹੁਤ ਫ਼ਾਇਦੇ ਹਨ। ਇਸ ਵਿੱਚ ਏਮਿਨੋ ਐਸਿਡ ਹੁੰਦਾ ਹੈ, ਜੋ ਤੁਹਾਡਾ ਰੌਂਅ ਭਾਵ ‘ਮੂਡ’ ਬਿਲਕੁਲ ਠੀਕ ਕਰ ਦਿੰਦਾ ਹੈ। ਵਿਟਾਮਿਨ ਬੀ-6 ਮਿਲਣ ਨਾਲ ਇਹ ਐਸਿਡ ਸੇਰੋਟੋਨਿਨ ਵਿੱਚ ਤਬਦੀਲ ਹੋ ਜਾਂਦਾ ਹੈ, ਜੋ ਊਰਜਾ ਵਧਾਉਣ, ਬੇਚੈਨੀ ਘਟਾਉਣ ਦਾ ਕੰਮ ਕਰਦਾ ਹੈ। ਥੋੜ੍ਹਾ ਬਾਦਾਮ ਦਲੀਏ ’ਚ ਸ਼ਾਮਲ ਕਰੋ ਜਾਂ ਇਸ ਨੂੰ ਕੇਲੇ ਨਾਲ ਵਰਤੋ।
ਬਾਦਾਮ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਅਲਜ਼ਾਈਮਰ ਦੀ ਬੀਮਾਰੀ, ਕੈਂਸਰ ਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਘੱਟ ਕਰਦਾ ਹੈ। ਖੋਜ ਮੁਤਾਬਕ ਮੁੱਠੀ ਭਰ ਬਾਦਾਮ ਕੈਲਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਵਿਟਾਮਿਨ ਕੇ, ਪ੍ਰੋਟੀਨ, ਜ਼ਿੰਕ ਅਤੇ ਕਾੱਪਰ ਨਾਲ ਭਰਪੂਰ ਹੁੰਦਾ ਹੈ। ਇਹ ਸਭ ਮਨੁੱਖੀ ਸਰੀਰ ਅੰਦਰ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਬਾਦਾਮ ਵਿੱਚ ਮੌਜੂਦ ਫ਼ੈਟ ਦਾ ਹਿੱਸਾ ਸਰੀਰ ਅੰਦਰ ਚੰਗੇ ਮਾੜੇ ਕੋਲੈਸਟ੍ਰੌਲ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਟਾਈਪ-2 ਡਾਇਬਟੀਜ਼ ਦੇ ਪੀੜਤ ਮਰੀਜ਼ਾਂ ਨੇ 12 ਦਿਨਾਂ ਤੱਕ ਰੋਜ਼ਾਨਾ 60 ਗ੍ਰਾਮ ਬਾਦਾਮ ਖਾਧਾ, ਤਾਂ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਸਪੱਸ਼ਟ ਤੌਰ ਉੱਤੇ ਘਟ ਗਿਆ।
ਰੋਜ਼ਾਨਾ ਬਾਦਾਮ ਖਾਣ ਨਾਲ ਭੁੱਖ ਘਟਦੀ ਹੈ ਤੇ ਇੰਝ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ। ਮੈਡੀਕਲ ਮਾਹਿਰਾਂ ਮੁਤਾਬਕ ਬਾਦਾਮ ਸਵੇਰ ਵੇਲੇ ਖਾਧੇ ਜਾਣ, ਤਾਂ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਦਾ ਲੈਵਲ ਸੰਤੁਲਿਤ ਰਹਿੰਦਾ ਹੈ।