ਨਵੀਂ ਦਿੱਲੀ: ਇੱਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਲਾਗ ਲੱਗਣ ਤੋਂ ਬਾਅਦ ਐਂਟੀਬਾਡੀਜ਼ ਦਾ ਪੱਧਰ ਨੌਂ ਮਹੀਨਿਆਂ ਲਈ ਰਹਿੰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਵਿਅਕਤੀ 'ਚ ਕੋਈ ਲੱਛਣ ਨਜ਼ਰ ਆਉਂਦੇ ਹਨ ਜਾਂ ਨਹੀਂ। ਇਹ ਦਾਅਵਾ ਇਟਲੀ ਦੇ ਸ਼ਹਿਰ ਦੀ ਆਬਾਦੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਅਧਾਰ 'ਤੇ ਇੱਕ ਅਧਿਐਨ ਵਿੱਚ ਕੀਤਾ ਗਿਆ ਹੈ।


ਇਟਲੀ ਦੀ ਪਾਡੁਆ ਯੂਨੀਵਰਸਿਟੀ ਅਤੇ ਬ੍ਰਿਟੇਨ ਦੀ ਇੰਪੀਰੀਅਲ ਕਾਲਜ ਲੰਡਨ ਦੇ ਖੋਜਕਰਤਾਵਾਂ ਨੇ ਇਟਲੀ ਦੇ 'ਵੋ' ਦੇ 3000 ਵਸਨੀਕਾਂ ਚੋਂ 85 ਪ੍ਰਤੀਸ਼ਤ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜੋ ਪਿਛਲੇ ਸਾਲ ਫਰਵਰੀ ਤੇ ਮਾਰਚ ਵਿਚ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਸੀ। ਮਈ ਤੇ ਨਵੰਬਰ 2020 ਵਿੱਚ ਇਨ੍ਹਾਂ ਲੋਕਾਂ ਵਿੱਚ ਇੱਕ ਵਾਰ ਫਿਰ ਐਂਟੀਬਾਡੀਜ਼ ਦੀ ਜਾਂਚ ਕੀਤੀ ਗਈ। ‘ਨੇਚਰ ਕਮਿਊਨੀਕੇਸ਼ਨ’ ਰਸਾਲੇ ਵਿੱਚ ਪ੍ਰਕਾਸ਼ਤ ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਫਰਵਰੀ ਤੇ ਮਾਰਚ ਵਿੱਚ ਸੰਕਰਮਿਤ ਹੋਏ 98.8 ਪ੍ਰਤੀਸ਼ਤ ਲੋਕਾਂ ਦੇ ਨਵੰਬਰ ਵਿੱਚ ਐਂਟੀਬਾਡੀਜ਼ ਸੀ।


ਨਤੀਜਿਆਂ ਨੇ ਇਹ ਵੀ ਦਰਸਾਇਆ ਕਿ ਐਂਟੀਬਾਡੀ ਦੇ ਪੱਧਰ ਗੰਭੀਰ ਜਾਂ ਸੰਕਰਮਣ ਦੇ ਲੱਛਣਾਂ ਵਾਲੇ ਕੇਸਾਂ ਵਿਚ ਇਕੋ ਜਿਹੇ ਰਹਿੰਦੇ ਹਨ। ਇੰਪੀਰੀਅਲ ਕਾਲਜ ਦੀ ਸਟੱਡੀ ਲੀਡ ਲੇਖਕ ਇਲਾਰੀਆ ਡੋਰੀਗਤੀ ਨੇ ਕਿਹਾ, “ਸਾਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਐਂਟੀਬਾਡੀ ਦਾ ਪੱਧਰ ਲੱਛਣਾਂ ਵਾਲੇ ਜਾਂ ਬਗਾਰ ਲੱਛਣਾਂ ਵਾਲੇ ਲੋਕਾਂ ਵਿੱਚ ਵੱਖਰਾ ਹੋ ਸਕਦਾ ਹੈ। ਇਹ ਦਰਸਾਉਂਦਾ ਹੈ ਕਿ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਲੱਛਣਾਂ ਜਾਂ ਬਿਮਾਰੀ ਦੀ ਗੰਭੀਰਤਾ 'ਤੇ ਨਿਰਭਰ ਨਹੀਂ ਕਰਦੀ। ਹਾਲਾਂਕਿ, ਲੋਕਾਂ ਵਿੱਚ ਐਂਟੀਬਾਡੀਜ਼ ਦਾ ਪੱਧਰ ਵੱਖਰਾ ਹੈ।"


ਟੀਮ ਨੇ ਪਾਇਆ ਕਿ ਕੁਝ ਲੋਕਾਂ ਵਿੱਚ ਐਂਟੀਬਾਡੀ ਦਾ ਪੱਧਰ ਵਧਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਸ਼ਾਇਦ ਉਹ ਵਾਇਰਸ ਨਾਲ ਦੁਬਾਰਾ ਸੰਕਰਮਿਤ ਹੋਏ ਹੋਣ। ਯੂਨੀਵਰਸਿਟੀ ਦੇ ਪ੍ਰੋਫੈਸਰ ਐਨਰੀਕੋ ਲਵੇਜੋ ਨੇ ਕਿਹਾ, “ਮਈ ਦੀ ਜਾਂਚ ਤੋਂ ਪਤਾ ਚੱਲਿਆ ਕਿ ਸ਼ਹਿਰ ਦੀ 3.5 ਪ੍ਰਤੀਸ਼ਤ ਆਬਾਦੀ ਸੰਕਰਮਿਤ ਹੋਈ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ ਕਿਉਂਕਿ ਉਨ੍ਹਾਂ ਦੇ ਕੋਈ ਲੱਛਣ ਨਹੀਂ ਸੀ।”


ਖੋਜਕਰਤਾਵਾਂ ਨੇ ਇਹ ਵੀ ਵਿਸ਼ਲੇਸ਼ਣ ਕੀਤਾ ਕਿ ਜੇ ਘਰ ਦਾ ਇਕ ਮੈਂਬਰ ਲਾਗ ਲੱਗ ਜਾਵੇ ਤਾਂ ਹੋਰ ਕਿੰਨੇ ਲੋਕਾਂ ਨੂੰ ਲਾਗ ਲੱਗ ਗਈ। ਇਹ ਪਾਇਆ ਗਿਆ ਕਿ ਚਾਰ ਚੋਂ ਇੱਕ ਕੇਸ ਵਿੱਚ, ਜਦੋਂ ਪਰਿਵਾਰ ਦਾ ਇੱਕ ਮੈਂਬਰ ਸੰਕਰਮਿਤ ਹੋਇਆ, ਦੂਜੇ ਮੈਂਬਰ ਵੀ ਸੰਕਰਮਿਤ ਹੋਏ।


ਇਹ ਵੀ ਪੜ੍ਹੋ: ਮੀਂਹ ਨੇ ਖੋਲ੍ਹੀ ਦਿੱਲੀ ਸਰਕਾਰ ਦੇ ਦਾਅਵਿਆਂ ਦੀ ਪੋਲ, ਵੇਖਦਿਆਂ ਹੀ ਵੇਖਦਿਆਂ ਸੜਕ 'ਚ ਧੱਸ ਗਈ ਕਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904