Foods Never Reheat: ਡਾਕਟਰ ਲੋਕਾਂ ਨੂੰ ਤਾਜ਼ਾ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਇਸ ਦੇ ਬਾਵਜੂਦ ਅੱਜ ਦੀ ਜੀਵਨ ਸ਼ੈਲੀ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਹਰ ਸਮੇਂ ਤਾਜ਼ਾ ਭੋਜਨ ਖਾਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਕਈ ਵਾਰ ਲੋਕ ਸਵੇਰੇ ਤਿਆਰ ਕੀਤਾ ਭੋਜਨ ਸ਼ਾਮ ਨੂੰ ਖਾਂਦੇ ਹਨ। ਕਈ ਵਾਰ ਤਾਂ ਸ਼ਾਮ ਨੂੰ ਤਿਆਰ ਕੀਤਾ ਭੋਜਨ ਅਗਲੇ ਦਿਨ ਸਵੇਰੇ ਵੀ ਖਾ ਲੈਂਦੇ ਹਨ। ਜਦੋਂ ਭੋਜਨ ਠੰਢਾ ਹੋ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਗਰਮ ਕਰਕੇ ਖਾਧਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਨਹੀਂ ਖਾਣਾ ਚਾਹੀਦਾ। ਇਨ੍ਹਾਂ ਚੀਜ਼ਾਂ ਨੂੰ ਦੁਬਾਰਾ ਗਰਮ ਕਰਨ ਨਾਲ ਇਨ੍ਹਾਂ ਦੇ ਜ਼ਹਿਰੀਲੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ ਇਨ੍ਹਾਂ ਨੂੰ ਖਾਣ ਨਾਲ ਫੂਡ ਪੋਇਜ਼ਨਿੰਗ ਹੋ ਸਕਦੀ ਹੈ।


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਨਹੀਂ ਖਾਣਾ ਚਾਹੀਦਾ। ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 4 ਭੋਜਨਾਂ ਨੂੰ ਗਲਤੀ ਨਾਲ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ। ਅਗਲੇ ਦਿਨ ਇਨ੍ਹਾਂ ਨੂੰ ਗਰਮ ਕਰਕੇ ਖਾਣ ਦਾ ਮਤਲਬ ਖ਼ਤਰੇ ਨੂੰ ਸੱਦਾ ਦੇਣਾ ਹੈ।



  1. ਅੰਡੇ


ਆਂਡੇ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ। ਕਈ ਲੋਕ ਬਾਕੀ ਬਚੀ ਅੰਡੇ ਦੀ ਕਰੀ ਨੂੰ ਗਰਮ ਕਰਕੇ ਅਗਲੇ ਦਿਨ ਖਾਂਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਅਸਲ ਵਿੱਚ, ਆਂਡੇ ਨੂੰ ਦੁਬਾਰਾ ਗਰਮ ਕਰਨ ਦੇ ਨਾਲ ਹੀ ਸਾਲਮੋਨੇਲਾ ਬੈਕਟੀਰੀਆ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਫੂਡ ਪੁਆਇਜ਼ਨਿੰਗ ਦਾ ਸਭ ਤੋਂ ਵੱਡਾ ਕਾਰਨ ਹੈ। ਇਹ ਬੈਕਟੀਰੀਆ 20 ਡਿਗਰੀ ਤੋਂ 73 ਡਿਗਰੀ ਸੈਲਸੀਅਸ ਦੇ ਤਾਪਮਾਨ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਆਂਡੇ ਜਾਂ ਅੰਡੇ ਵਾਲੇ ਭੋਜਨ ਨੂੰ 2 ਘੰਟਿਆਂ ਤੋਂ ਵੱਧ, ਜਾਂ ਗਰਮ ਮੌਸਮ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਲਈ ਫਰਿੱਜ ਤੋਂ ਬਾਹਰ ਨਹੀਂ ਛੱਡਣਾ ਚਾਹੀਦਾ।



  1. ਚੌਲ


ਚੌਲਾਂ ਨੂੰ ਦੁਬਾਰਾ ਗਰਮ ਕਰਨ ਤੋਂ ਬਾਅਦ ਕਦੇ ਨਹੀਂ ਖਾਣਾ ਚਾਹੀਦਾ। ਅਸਲ ਵਿੱਚ, ਬੇਸੀਲਸ ਸੇਰੀਅਸ ਨਾਮਕ ਬੈਕਟੀਰੀਆ ਪਕਾਏ ਹੋਏ ਚੌਲਾਂ ਵਿੱਚ ਵੀ ਪੈਦਾ ਹੋ ਜਾਂਦਾ ਹੈ। ਇਹ ਬੈਕਟੀਰੀਆ ਆਮ ਤੌਰ 'ਤੇ ਮਿੱਟੀ ਤੇ ਸਬਜ਼ੀਆਂ ਵਿੱਚ ਪਾਇਆ ਜਾਂਦਾ ਹੈ। ਇਹ ਬੈਕਟੀਰੀਆ ਆਲੂ, ਮਟਰ, ਬੀਨਜ਼ ਤੇ ਕੁਝ ਮਸਾਲਿਆਂ ਵਿੱਚ ਵੀ ਪਾਇਆ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਇਹ ਬੈਕਟੀਰੀਆ ਗਰਮੀ ਰੋਧਕ ਹੈ। ਜਿਵੇਂ ਤੁਸੀਂ ਗਰਮੀ ਕਰਦੇ ਹੋ, ਇਹ ਤੇਜ਼ੀ ਨਾਲ ਫੈਲਦਾ ਹੈ ਤੇ ਫੂਡ ਪੁਆਇਜ਼ਨਿੰਗ ਦਾ ਕਾਰਨ ਬਣ ਸਕਦਾ ਹੈ। ਅਸੀਂ ਚੌਲਾਂ ਨੂੰ ਪਕਾਉਣ ਤੋਂ ਪਹਿਲਾਂ ਇਸ ਨੂੰ ਸਾਫ ਕਰਨ ਲਈ ਧੋ ਲੈਂਦੇ ਹਾਂ ਪਰ ਇਸ ਦੇ ਬਾਵਜੂਦ ਇਸ 'ਚ ਬੈਕਟੀਰੀਆ ਲੁਕਿਆ ਰਹਿੰਦਾ ਹੈ। ਇਸ ਲਈ ਚੌਲਾਂ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ।



  1. ਪਾਲਕ


ਪਾਲਕ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ। ਇਸ ਨਾਲ ਕੈਂਸਰ ਦਾ ਖਤਰਾ ਵਧ ਸਕਦਾ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਵਿੱਚ ਨਾਈਟ੍ਰੇਟ ਨਾਮਕ ਮਿਸ਼ਰਣ ਹੁੰਦੇ ਹਨ। ਜਦੋਂ ਨਾਈਟ੍ਰੇਟ ਗਰਮ ਕੀਤੇ ਜਾਂਦੇ ਹਨ, ਤਾਂ ਉਹ ਦੂਜੇ ਮਿਸ਼ਰਣਾਂ ਵਿੱਚ ਟੁੱਟ ਸਕਦੇ ਹਨ ਜੋ ਕੈਂਸਰ ਦੇ ਜੋਖਮ ਨੂੰ ਵਧਾਉਂਦੇ ਹਨ। ਹਾਲਾਂਕਿ ਨਾਈਟ੍ਰੇਟ ਆਪਣੇ ਆਪ ਵਿੱਚ ਨੁਕਸਾਨਦੇਹ ਹੁੰਦੇ ਹਨ, ਪਰ ਮੂੰਹ ਵਿੱਚ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਤੇ ਸਰੀਰ ਵਿੱਚ ਐਨਜ਼ਾਈਮਜ਼ ਨਾਲ ਮਿਲਾਉਣ ਤੋਂ ਬਾਅਦ, ਇਹ ਨਾਈਟਰੋਸਾਮੀਨ ਵਿੱਚ ਬਦਲ ਜਾਂਦਾ ਹੈ ਜੋ ਕੈਂਸਰ ਦਾ ਮੁੱਖ ਕਾਰਨ ਹੈ।


ਇਹ ਵੀ ਪੜ੍ਹੋ: CM Bhagwant Mann: ਪਿੰਡਾਂ ਦੇ ਬੱਚੇ ਪੜ੍ਹ-ਲਿਖ ਬਣਨਗੇ ਵੱਡੇ ਅਫਸਰ! ਸੀਐਮ ਮਾਨ ਵੱਲੋਂ ਸੰਗਰੂਰ ਦੇ 12 ਪਿੰਡਾਂ ਨੂੰ ਲਾਇਬ੍ਰੇਰੀਆਂ ਦਾ ਤੋਹਫ਼ਾ



  1. ਆਲੂ


ਆਲੂਆਂ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ। ਜੇਕਰ ਕਮਰੇ ਦੇ ਤਾਪਮਾਨ 'ਤੇ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਰੱਖਿਆ ਜਾਵੇ ਤਾਂ ਵੀ ਆਲੂਆਂ ਵਿੱਚ ਕਲੋਸਟ੍ਰਿਡੀਅਮ ਬੋਟੂਲਿਨਮ ਨਾਮਕ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ। ਇਹ ਸਰੀਰ ਦੀਆਂ ਨਸਾਂ 'ਤੇ ਸਿੱਧਾ ਹਮਲਾ ਕਰਦਾ ਹੈ। ਇਸ ਨਾਲ ਸਾਹ ਲੈਣ ਵਿੱਚ ਵੀ ਦਿੱਕਤ ਆ ਸਕਦੀ ਹੈ। ਇਸ ਨਾਲ ਉਲਟੀਆਂ, ਮਤਲੀ ਤੇ ਪੇਟ ਦਰਦ ਹੋ ਸਕਦਾ ਹੈ। ਇੱਥੋਂ ਤੱਕ ਕਿ 10 ਵਿੱਚੋਂ ਇੱਕ ਕੇਸ ਵਿੱਚ ਮੌਤ ਵੀ ਹੋ ਸਕਦੀ ਹੈ।


ਇਹ ਵੀ ਪੜ੍ਹੋ: Viral Video: ਖਲੀ ਦੇ 'ਦਿ ਗ੍ਰੇਟ' ਕੁਕਿੰਗ ਵੀਡੀਓ ਨੇ ਯੂਜ਼ਰਸ ਨੂੰ ਕੀਤਾ ਹੈਰਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਮਜ਼ਾਕੀਆ ਵੀਡੀਓ