ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਦਾ ‘R’ ਫ਼ੈਕਟਰ ਵੀ ਵਧ ਰਿਹਾ ਹੈ। ‘R ਫ਼ੈਕਟਰ’ ਤੋਂ ਮਤਲਬ ਹੈ ਕਿ ਵਾਇਰਸ ਦਾ ਰੀਪ੍ਰੋਡਕਸ਼ਨ ਇਸੇ ਕਾਰਨ ਕੋਈ ਰੋਗੀ ਅਗਲੇ ਕੁਝ ਮਰੀਜ਼ਾਂ ਵਿੱਚ ਵਾਇਰਸ ਦੀ ਲਾਗ ਫੈਲਾਉਂਦਾ ਹੈ। ਮਾਹਿਰਾਂ ਅਨੁਸਾਰ ਕੋਰੋਨਾ ਵਾਇਰਸ ਇਸ ਵੇਲੇ ਪੰਜਾਬ ਤੇ ਮਹਾਰਾਸ਼ਟਰ ’ਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਨ੍ਹਾਂ ਦੋਵੇਂ ਸੂਬਿਆਂ ’ਚ ਇੱਕ ਰੋਗੀ ਤੋਂ ਅੱਗੇ ਪੰਜ ਵਿਅਕਤੀਆਂ ਨੂੰ ਇਸ ਮਹਾਮਾਰੀ ਦੀ ਲਾਗ ਫੈਲ ਰਹੀ ਹੈ। ਗੁਜਰਾਤ ਤੇ ਮੱਧ ਪ੍ਰਦੇਸ਼ ’ਚ ਇਹ ਅੰਕੜਾ ਤਿੰਨ ਹੈ।

 
ਉਂਝ ਪੂਰੇ ਦੇਸ਼ ਵਿੱਚ ਔਸਤਨ ਇਹ ਅੰਕੜਾ ਇੱਕ ਤੋਂ ਡੇਢ ਦੇ ਵਿਚਕਾਰ ਬਣਿਆ ਹੋਇਆ ਹੈ। ਪਿਛਲੇ ਵਰ੍ਹੇ ਕੋਰੋਨਾ ਦੇ ਸਿਖ਼ਰਲੇ ਦੌਰ ’ਚ ਵੀ ਇਹ ਅੰਕੜਾ ਦੇਸ਼ ਵਿੱਚ ਡੇਢ ਤੋਂ ਢਾਈ ਦੇ ਵਿਚਕਾਰ ਸੀ। ਮਾਹਿਰਾਂ ਅਨੁਸਾਰ ਫ਼ਰਵਰੀ ਦੇ ਪਹਿਲੇ ਹਫ਼ਤੇ ਤਾਂ ਕੋਰੋਨਾ ਵਾਇਰਸ ਕਾਬੂ ਹੇਠ ਵਿਖਾਈ ਦੇ ਰਿਹਾ ਸੀ। ਕੁੱਲ ਮਰੀਜ਼ਾਂ ’ਚੋਂ ਸਿਰਫ਼ 1.32% ਮਰੀਜ਼ ਹੀ ਹਸਪਤਾਲਾਂ ’ਚ ਦਾਖ਼ਲ ਸਨ ਪਰ ਹੁਣ ਮਰੀਜ਼ਾਂ ਦੀ ਗਿਣਤੀ ਵਧ ਕੇ 2.50% ਹੋ ਗਈ ਹੈ।

 
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਦੀ ਕੋਰੋਨਾ ਟਾਸਕ ਫ਼ੋਰਸ ਦੇ ਆਪਰੇਸ਼ਨ ਤੇ ਰਿਸਰਚ ਗਰੁੱਪ ਦੇ ਚੇਅਰਮੈਨ ਪ੍ਰੋ. ਨਰੇਂਦਰ ਅਰੋੜਾ ਅਨੁਸਾਰ ਪੰਜਾਬ ਤੇ ਮਹਾਰਾਸ਼ਟਰ ’ਚ ਹਾਲਾਤ ਉੱਤੇ ਹੁਣੇ ਕਾਬੂ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇੱਕ ਤੋਂ ਪੰਜ ਤੇ ਫਿਰ 125 ਵਿਅਕਤੀਆਂ ’ਚ ਇੰਝ ਰੋਗ ਫੈਲਦਾ ਹੋਇਆ ਅੱਗੇ ਵਧਦਾ ਹੈ।

 

ਮਾਹਿਰਾਂ ਮੁਤਾਬਕ ਕੋਰੋਨਾ ਨਾਲ ਸਬੰਧਤ ਕਾਇਦੇ-ਕਾਨੂੰਨਾਂ ਦੀ ਪਾਲਣਾ ਨਾ ਕਰਨ ਕਰਕੇ ਵਾਇਰਸ ਦੀ ਲਾਗ ਅੱਗੇ ਫੈਲਦੀ ਜਾ ਰਹੀ ਹੈ। ਸਨਿੱਚਰਵਾਰ ਨੂੰ 43,815 ਨਵੇਂ ਮਾਮਲੇ ਦੇਸ਼ ’ਚ ਸਾਹਮਣੇ ਆਏ। 115 ਦਿਨਾਂ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਪੰਜਾਬ ’ਚ ਮੌਤ ਦਰ 3% ਹੈ, ਜੋ ਸਭ ਤੋਂ ਵੱਧ ਹੈ।