First Cough Syrup : ਜਦੋਂ ਤੋਂ ਗਾਂਬੀਆ 'ਚ ਬੱਚਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਤੋਂ ਕਫ ਸਿਰਪ ਕਾਫੀ ਸੁਰਖੀਆਂ 'ਚ ਹੈ। ਇਸ ਨੂੰ ਲੈ ਕੇ ਕਾਫੀ ਬਹਿਸ ਵੀ ਚੱਲ ਰਹੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਨੇ ਵੀ ਚਾਰ ਕਫ ਸਿਰਪ ਬਾਰੇ ਇੱਕ ਅਲਰਟ ਜਾਰੀ ਕੀਤਾ ਹੈ। WHO ਦਾ ਕਹਿਣਾ ਹੈ ਕਿ ਇਹ ਖੰਘ ਦੀ ਦਵਾਈ ਮਿਆਰਾਂ 'ਤੇ ਖਰੀ ਨਹੀਂ ਉਤਰੀ ਹੈ। ਅਲਰਟ ਤੋਂ ਬਾਅਦ ਇਨ੍ਹਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਖੰਘ ਦੀ ਦਵਾਈ ਨੂੰ ਲੈ ਕੇ ਵਿਵਾਦ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਦੁਨੀਆ ਦੇ ਪਹਿਲੇ ਕਫ ਸੀਰਪ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ ਸੀ। ਆਓ ਜਾਣਦੇ ਹਾਂ ਦੁਨੀਆ ਦਾ ਪਹਿਲਾ ਕਫ ਸਿਰਪ ਕਿਵੇਂ ਬਣਿਆ ਅਤੇ ਇਸ ਤੋਂ ਪਹਿਲਾਂ ਖੰਘ ਦਾ ਕੀ ਇਲਾਜ ਸੀ?
ਇੰਝ ਬਣਿਆ ਦੁਨੀਆ ਦਾ ਪਹਿਲਾ ਕਫ ਸਿਰਪ
ਦੁਨੀਆ ਦਾ ਪਹਿਲਾ ਕਫ ਸਿਰਪ ਲਗਭਗ 127 ਸਾਲ ਪਹਿਲਾਂ ਜਰਮਨ ਕੰਪਨੀ ਬੇਅਰ ਨੇ ਬਣਾਇਆ ਸੀ, ਜਿਸ ਦਾ ਨਾਮ ਸੀ ਹੈਰੋਇਨ। ਇਸ ਸਿਰਪ ਨੂੰ ਬਣਾਉਣ ਲਈ ਐਸਪ੍ਰੀਨ ਦਵਾਈ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਸਿਰਪ ਦੇ ਆਉਣ ਤੋਂ ਪਹਿਲਾਂ ਲੋਕ ਖੰਘ ਨੂੰ ਠੀਕ ਕਰਨ ਲਈ ਅਫੀਮ ਦੀ ਵਰਤੋਂ ਕਰਦੇ ਸਨ। ਕਈ ਵਾਰ ਇਹ ਸਰੀਰ ਲਈ ਹਾਨੀਕਾਰਕ ਵੀ ਸਾਬਤ ਹੁੰਦੀ ਹੈ। ਲੋਕ ਵੀ ਇਸ ਦੇ ਆਦੀ ਹੋ ਜਾਂਦੇ ਸਨ। ਕਈ ਵਾਰ ਇਹ ਜਾਨਲੇਵਾ ਵੀ ਹੋ ਜਾਂਦਾ ਸੀ। ਇਹ ਸਰੀਰ 'ਚ ਪਹੁੰਚਣ ਤੋਂ ਬਾਅਦ ਮੋਰਫਿਨ 'ਚ ਟੁੱਟ ਜਾਂਦਾ ਸੀ।
ਇੰਝ ਹੋਇਆ ਸੀ ਵਿਵਾਦ
ਪ੍ਰਾਚੀਨ ਮਿਸਰ 'ਚ ਖੰਘ ਸਮੇਤ ਕਈ ਬਿਮਾਰੀਆਂ ਦੇ ਇਲਾਜ ਲਈ ਅਫ਼ੀਮ ਦੀ ਵਰਤੋਂ ਕੀਤੀ ਜਾਂਦੀ ਸੀ। ਇੱਥੋਂ ਹੀ ਬੇਅਰ ਕੰਪਨੀ ਨੂੰ ਸਿਰਪ ਬਣਾਉਣ ਦਾ ਵਿਚਾਰ ਆਇਆ। ਕੰਪਨੀ ਨੇ ਪਾਇਆ ਕਿ ਜਦੋਂ ਮੋਰਫਿਨ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਡਾਇਸੀਟਿਲਮੋਰਫਿਨ ਬਣ ਜਾਂਦੀ ਹੈ, ਜੋ ਕਿ ਖੰਘ ਤੋਂ ਰਾਹਤ ਦੇ ਸਕਦੀ ਸੀ ਅਤੇ ਸਿਰਪ ਨੂੰ ਪੀਣ ਤੋਂ ਬਾਅਦ ਜਿਹੜੀ ਨੀਂਦ ਆਉਂਦੀ ਸੀ, ਉਸ ਤੋਂ ਵੀ ਲੋਕਾਂ ਨੂੰ ਛੁਟਕਾਰਾ ਮਿਲਿਆ। ਇਸ ਤਰ੍ਹਾਂ ਕੰਪਨੀ ਨੇ ਦੁਨੀਆ ਦਾ ਪਹਿਲਾ ਸਿਰਪ ਮਾਰਕੀਟ 'ਚ ਪੇਸ਼ ਕੀਤਾ।
ਹੈਰਾਨੀ ਦੀ ਗੱਲ ਇਹ ਸੀ ਕਿ ਇਸ ਸਿਰਪ ਨੇ ਨਾ ਸਿਰਫ਼ ਲੋਕਾਂ ਦੀ ਖੰਘ ਨੂੰ ਠੀਕ ਕੀਤਾ, ਸਗੋਂ ਉਨ੍ਹਾਂ ਲੋਕਾਂ ਨੂੰ ਵੀ ਰਾਹਤ ਦਿੱਤੀ ਜਿਨ੍ਹਾਂ ਨੂੰ ਟੀਬੀ ਜਾਂ ਬ੍ਰੋਨਕਾਈਟਸ ਸੀ। ਅਫੀਮ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਡਾਕਟਰਾਂ ਨੇ ਵੀ ਮਰੀਜ਼ਾਂ ਨੂੰ ਇਹ ਸਿਰਪ ਦੇਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਨਾਲ-ਨਾਲ ਇਸ ਬਾਰੇ ਨਵਾਂ ਵਿਵਾਦ ਸ਼ੁਰੂ ਹੋ ਗਿਆ। 1899 ਤੱਕ ਲੋਕਾਂ ਨੇ ਕਿਹਾ ਕਿ ਉਹ ਹੈਰੋਇਨ ਦੇ ਆਦੀ ਹੋ ਗਏ ਹਨ। ਵਿਰੋਧ ਇੰਨਾ ਵੱਧ ਗਿਆ ਕਿ ਆਖਰਕਾਰ 1913 'ਚ ਬੇਅਰ ਨੂੰ ਇਸ ਖੰਘ ਦੀ ਦਵਾਈ ਦਾ ਉਤਪਾਦਨ ਬੰਦ ਕਰਨਾ ਪਿਆ।
ਭਾਰਤ 'ਚ ਇੰਝ ਹੁੰਦਾ ਸੀ ਖੰਘ ਦਾ ਇਲਾਜ
ਦਵਾਈਆਂ ਤੋਂ ਪਹਿਲਾਂ ਭਾਰਤ 'ਚ ਆਯੁਰਵੇਦ ਦਾ ਯੁੱਗ ਆਪਣੇ ਸਿਖਰ 'ਤੇ ਸੀ। ਕੁਦਰਤੀ ਚੀਜ਼ਾਂ ਜਿਵੇਂ ਮਲੱਠੀ, ਅਦਰਕ, ਕਾਲੀ ਮਿਰਚ ਅਤੇ ਤੁਲਸੀ ਸਮੇਤ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀ-ਬੂਟੀਆਂ ਨੂੰ ਮਿਲਾ ਕੇ ਖੰਘ ਦਾ ਸਿਰਪ ਤਿਆਰ ਕਰਦੇ ਸਨ। ਹਾਲਾਂਕਿ ਉਸ ਸਮੇਂ ਵੀ ਅਫੀਮ, ਹੈਰੋਇਨ, ਮੋਰਫਿਨ ਦੀ ਵਰਤੋਂ ਯੂਰਪ, ਅਮਰੀਕਾ ਅਤੇ ਮਿਸਰ 'ਚ ਖੰਘ ਦੇ ਇਲਾਜ ਲਈ ਕੀਤੀ ਜਾਂਦੀ ਸੀ।