ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵੈਕਸੀਨ ਦੀ ਉਡੀਕ ਹੁਣ ਖ਼ਤਮ ਹੋਣ ਆਉਣ ਵਾਲੀ ਹੈ। ਵੈਕਸੀਨ ਤਿਆਰ ਕਰਨ ਵਾਲੀ ਪ੍ਰਮੁੱਖ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਐਸਟਰਾਜ਼ੇਨੇਕਾ ਤੇ ਆਕਸਫੋਰਡ ਦੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਦਾ ਲਾਇਸੈਂਸ ਲੈਣ ਲਈ ਅਗਲੇ ਦੋ ਹਫ਼ਤਿਆਂ ਲਈ ਅਰਜ਼ੀ ਦੇਣ ਵਾਲੀ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ, “ਅਸੀਂ ਇਸ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਜੋ ਐਮਰਜੈਂਸੀ ਵਰਤੋਂ ਲਈ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਹੀ ਲਾਗੂ ਹੋਵੇਗਾ, ਜੋ ਸਾਡੇ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਅਧਾਰ 'ਤੇ ਜਾਰੀ ਕੀਤਾ ਜਾਵੇਗਾ। ਅਸੀਂ ਭਾਰਤ ਦੇ ਡਰੱਗ ਕੰਟਰੋਲਰ ਨੂੰ ਅਧਿਕਾਰਤ ਤੌਰ' ਤੇ ਆਵੇਦਨ ਕਰਨ ਦੀ ਪ੍ਰਕਿਰਿਆ ਵਿਚ ਹਾਂ। ”

ਇਹ ਪੁੱਛੇ ਜਾਣ 'ਤੇ ਕਿ ਕੀ ਕੰਪਨੀ ਨੇ ਐਮਰਜੈਂਸੀ ਲਾਇਸੈਂਸ ਲਈ ਅਰਜ਼ੀ ਦਿੱਤੀ ਹੈ, ਪੂਨਾਵਾਲਾ ਨੇ ਕਿਹਾ, "ਅਸੀਂ ਅਗਲੇ ਦੋ ਹਫਤਿਆਂ ਵਿੱਚ ਐਮਰਜੈਂਸੀ ਵਰਤੋਂ ਲਾਇਸੈਂਸ ਲਈ ਅਰਜ਼ੀ ਦੇਣ ਦੀ ਤਿਆਰੀ ਵਿੱਚ ਹਾਂ।"

"ਵੈਕਸੀਨ ਤੋਂ ਬਾਅਦ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ"

ਅਦਾਰ ਪੂਨਾਵਾਲਾ ਨੇ ਕਿਹਾ, "ਜਿਹੜਾ ਵਿਅਕਤੀ ਵੈਕਸੀਨ ਲਵੇਗਾ ਉਹ ਇਨਫੈਕਸ਼ਨ ਨਹੀਂ ਫੈਲਾਏਗਾ। ਵੈਕਸੀਨ ਲੈਣ ਤੋਂ ਬਾਅਦ ਹਸਪਤਾਲ ਜਾਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ। ਇਹ ਵੈਕਸੀਨ ਕੋਵਿਸ਼ੀਲਡ ਮੌਤ ਦਰ ਨੂੰ ਘਟਾਉਣ ਵਿਚ ਵੀ ਲਾਭ ਪਹੁੰਚਾਏਗੀ। ਇਸ ਨਾਲ ਹਾਸਪੀਟਲਾਈਜੇਸ਼ਨ 0% ਹੋਣ ਦੀ ਉਮੀਦ ਹੈ। ਵਾਇਰਸ ਦਾ ਪ੍ਰਭਾਵ 60% ਤੱਕ ਘਟ ਜਾਵੇਗਾ।  ਕੋਵੀਸ਼ੀਲਡ ਦੇ ਗਲੋਬਲ ਟ੍ਰਾਇਲ ਵਿਚ ਹਾਸਪੀਟਲਾਈਜੇਸ਼ਨ 0% ਰਹੀ। ਵੈਕਸੀਨ ਸ਼ੁਰੂਆਤ ਵਿੱਚ ਭਾਰਤ ਵਿੱਚ ਵੰਡੀ ਜਾਵੇਗੀ,ਉਸ ਤੋਂ ਬਾਅਦ ਅਸੀਂ ਦੂਜੇ ਕੋਵੈਕਸ ਦੇਸ਼ਾਂ, ਖ਼ਾਸਕਰ ਅਫ਼ਰੀਕੀ ਦੇਸ਼ਾਂ 'ਤੇ ਧਿਆਨ ਕੇਂਦਰਤ ਕਰਾਂਗੇ। ਸਾਡੀ ਪ੍ਰਾਥਮਿਕਤਾ ਭਾਰਤ ਤੇ ਕੋਵੈਕਸ ਦੇਸ਼ ਹਨ। "

ਪੂਨਾਵਾਲਾ ਨੇ ਕਿਹਾ ਕਿ ਇਹ ਅਜੇ ਤੈਅ ਨਹੀਂ ਹੋਇਆ ਕਿ ਸਰਕਾਰ ਕਿੰਨੀ ਡੋਜ਼ ਖਰੀਦੇਗੀ , ਪਰ ਅਜਿਹਾ ਲਗਦਾ ਹੈ ਕਿ ਸਿਹਤ ਮੰਤਰਾਲਾ ਜੁਲਾਈ ਤੱਕ 300 ਤੋਂ 400 ਮਿਲੀਅਨ ਡੋਜ਼ ‘ਤੇ ਵਿਚਾਰ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ 3 ਸ਼ਹਿਰਾਂ ਦਾ ਦੌਰਾ ਕੀਤਾ
ਪੂਨਾਵਾਲਾ ਨੇ ਕਿਹਾ ਕਿ ਇਹ ਕੰਪਨੀ ਲਈ ਖ਼ਾਸ ਦਿਨ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਵਿੱਚ ਕੰਪਨੀ ਦੇ ਪਲਾਂਟ ਦਾ ਦੌਰਾ ਕੀਤਾ। ਮੋਦੀ ਨੇ ਸ਼ਨੀਵਾਰ ਨੂੰ ਅਹਿਮਦਾਬਾਦ, ਹੈਦਰਾਬਾਦ ਤੇ ਪੁਣੇ ਦਾ ਦੌਰਾ ਕਰਕੇ ਕੋਰੋਨਾ ਵਾਇਰਸ ਵੈਕਸੀਨ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਹਿਮਦਾਬਾਦ ਦੇ ਜ਼ੈਡਸ ਬਾਇਓਟੈਕ ਪਾਰਕ, ਹੈਦਰਾਬਾਦ ਵਿੱਚ ਭਾਰਤ ਬਾਇਓਟੈਕ ਅਤੇ ਪੁਣੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਦੌਰਾ ਕੀਤਾ।

ਇੱਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ, "ਵਿਗਿਆਨੀਆਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਮਿਲੇ ਤੇ ਉਨ੍ਹਾਂ ਦੀ ਹਿੰਮਤ ਨੂੰ ਮਜ਼ਬੂਤ ਕੀਤਾ ਤੇ ਵੈਕਸੀਨ ਦੇ ਵਿਕਾਸ ਦੇ ਇਸ ਮਹੱਤਵਪੂਰਨ ਪੜਾਅ ਵਿੱਚ ਆਪਣੇ ਯਤਨਾਂ ਨੂੰ ਤੇਜ਼ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਤ ਕੀਤਾ।"