ਲਾਸ ਏਂਜਲਸ: ਜੋ ਮਾਂਵਾਂ ਛੇ ਮਹੀਨੇ ਜਾਂ ਵਧੇਰੇ ਸਮੇਂ ਤੱਕ ਬ੍ਰੈਸਟ ਫੀਡ ਕਰਵਾਉਂਦੀਆਂ ਹਨ, ਉਨ੍ਹਾਂ ਨੂੰ ਟਾਈਪ-2 ਡਾਇਬਟੀਜ਼ ਹੋਣ ਦਾ ਖ਼ਤਰਾ ਘਟ ਕੇ ਕਰੀਬ ਅੱਧਾ ਰਹਿ ਜਾਂਦਾ ਹੈ। ਇੱਕ ਰਿਸਰਚ ਵਿੱਚ ਇਹ ਪਤਾ ਲੱਗਾ ਹੈ।


ਜੇ.ਐਮ.ਏ. ਇੰਟਰਨਲ ਮੈਡੀਸਨ ਵਿੱਚ ਛਪੀ ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਮਾਂ ਬਣਨ ਤੋਂ ਬਾਅਦ ਜੋ ਔਰਤਾਂ 6 ਮਹੀਨੇ ਜਾਂ ਵਧੇਰੇ ਸਮੇਂ ਤੱਕ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ ਨੂੰ ਟਾਈਪ-2 ਡਾਇਬਟੀਜ਼ ਹੋਣ ਦਾ ਖਤਰਾ 47 ਫੀਸਦੀ ਤੱਕ ਘਟ ਜਾਂਦਾ ਹੈ।

ਅਮਰੀਕਾ ਦੀ ਹੈਲਥਕੇਅਰ ਕੰਪਨੀ ਕੇਅਰ ਪਰਮਾਨੈਂਟ ਵਿੱਚ ਸੀਨੀਅਰ ਰਿਸਰਚ ਸਾਇੰਟਿਸਟ ਏਰਿਕਾ ਪੀ ਗੁੰਡਰਸਨ ਨੇ ਕਿਹਾ ਕਿ ਅਸੀਂ ਪਾਇਆ ਹੈ ਕਿ ਬ੍ਰੈਸਟ ਫੀਡਿੰਗ ਕਰਵਾਉਣ ਦਾ ਸਮਾਂ ਤੇ ਡਾਇਬਟੀਜ਼ ਦਾ ਜ਼ੋਖਮ ਘੱਟ ਹੋਣ ਦਾ ਬਹੁਤ ਗੂਹੜਾ ਸਬੰਧ ਹੈ।

ਰਿਸਰਚ ਕਰਨ ਵਾਲਿਆਂ ਨੇ ਕੋਰੋਨਰੀ ਆਰਟਰੀ ਰਿਸਕ ਡਿਵੈਲਪਮੈਂਟ ਇਨ ਯੰਗ ਐਡਲਟਸ ਰਿਸਰਚ ਦੇ 30 ਸਾਲਾਂ ਦੇ ਫਲੋਅਪ ਦੌਰਾਨ ਇਕੱਠੇ ਕੀਤੇ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਰਿਸਰਚ ਦੇ ਨਤੀਜੇ ਨਾਲ ਇਹ ਤੱਥ ਹੋਰ ਮਜਬੂਤ ਹੋ ਜਾਂਦਾ ਹੈ ਕਿ ਬ੍ਰੈਸਟ ਫੀਡਿੰਗ ਕਰਵਾਉਣਾ ਮਾਂ ਤੇ ਬੱਚਿਆਂ ਦੋਹਾਂ ਦੇ ਲਈ ਕਾਫੀ ਲਾਭਦਾਇਕ ਹੈ।