ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਹਾਲ ਹੀ ਵਿੱਚ ਅੰਬਾਂ ਨੂੰ ਪਕਾਉਣ ਲਈ ਵਰਤੇ ਜਾਣ ਵਾਲੇ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਦੇ ਸਬੰਧ ਵਿੱਚ ਇੱਕ ਚਿਤਾਵਨੀ ਜਾਰੀ ਕੀਤੀ ਹੈ।
FSSAI ਅਨੁਸਾਰ ਅੰਬਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ 'ਤੇ 2011 ਤੋਂ ਪਾਬੰਦੀ ਲੱਗੀ ਹੋਈ ਹੈ ਪਰ ਕਈ ਵਪਾਰੀ ਇਸ ਰਸਾਇਣ ਦੀ ਵਰਤੋਂ ਕਰਕੇ ਅੰਬਾਂ ਨੂੰ ਪਕਾਉਂਦੇ ਹਨ, ਜਿਸ ਨਾਲ ਅੰਬ ਖਾਣ ਵਾਲੇ ਲੋਕਾਂ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਕੈਮੀਕਲ ਨਾਲ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਸ ਦੇ ਪ੍ਰਭਾਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। FSSAI ਦੇ ਅਨੁਸਾਰ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਆਮ ਤੌਰ 'ਤੇ ਅੰਬ ਵਰਗੇ ਫਲਾਂ ਨੂੰ ਪਕਾਉਣ ਲਈ ਕੀਤੀ ਜਾਂਦੀ ਹੈ। ਇਹ ਐਸੀਟਿਲੀਨ ਗੈਸ ਛੱਡਦਾ ਹੈ, ਜਿਸ ਵਿੱਚ ਆਰਸੈਨਿਕ ਅਤੇ ਫਾਸਫੋਰਸ ਦੇ ਹਾਨੀਕਾਰਕ ਤੱਤ ਹੁੰਦੇ ਹਨ। ਇਨ੍ਹਾਂ ਖਤਰਨਾਕ ਤੱਤਾਂ ਨੂੰ ਮਸਾਲਾ ਵੀ ਕਿਹਾ ਜਾਂਦਾ ਹੈ।
ਇਸ ਕੈਮੀਕਲ ਕਾਰਨ ਲੋਕਾਂ ਨੂੰ ਚੱਕਰ ਆਉਣਾ, ਵਾਰ-ਵਾਰ ਪਿਆਸ ਲੱਗਣਾ, ਜਲਨ ਮਹਿਸੂਸ ਹੋਣਾ, ਕਮਜ਼ੋਰੀ, ਨਿਗਲਣ 'ਚ ਦਿੱਕਤ, ਉਲਟੀਆਂ ਅਤੇ ਸਕਿਨ ਉੱਤੇ ਫੋੜੇ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਐਸੀਟਲੀਨ ਗੈਸ ਵੀ ਓਨੀ ਹੀ ਖਤਰਨਾਕ ਹੈ। ਇਹ ਮੰਨਿਆ ਜਾਂਦਾ ਹੈ ਕਿ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰਦੇ ਸਮੇਂ, ਇਹ ਫਲਾਂ ਦੇ ਸਿੱਧੇ ਸੰਪਰਕ ਵਿੱਚ ਆ ਸਕਦਾ ਹੈ ਅਤੇ ਫਲਾਂ 'ਤੇ ਆਰਸੈਨਿਕ ਅਤੇ ਫਾਸਫੋਰਸ ਦੇ ਤੱਤ ਛੱਡ ਸਕਦਾ ਹੈ। ਇਸ ਨਾਲ ਸਿਹਤ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਅੰਬ ਨੂੰ ਘਰ ਲਿਆਉਣ ਤੋਂ ਬਾਅਦ, ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਤਾਂ ਜੋ ਇਸ ਦੀ ਬਾਹਰੀ ਸਤ੍ਹਾ 'ਤੇ ਫਸੇ ਤੱਤ ਸਾਫ਼ ਹੋ ਜਾਣ। ਜੇਕਰ ਤੁਸੀਂ ਬਜ਼ਾਰ ਤੋਂ ਲਿਆ ਰਹੇ ਅੰਬ ਜਲਦੀ ਖਰਾਬ ਹੋ ਰਹੇ ਹਨ ਤਾਂ ਤੁਹਾਨੂੰ ਅਜਿਹੇ ਅੰਬ ਖਰੀਦਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਰਸਾਇਣਾਂ ਕਾਰਨ ਹੋ ਸਕਦਾ ਹੈ।
ਇਸ ਤੋਂ ਇਲਾਵਾ ਜੇਕਰ ਅੰਬ ਖਾਣ ਤੋਂ ਬਾਅਦ ਤੁਹਾਡੀ ਸਿਹਤ ਵਿਗੜਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਪਰ ਹੁਣ ਸਵਾਲ ਇਹ ਹੈ ਕਿ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਗਏ ਅੰਬਾਂ ਦੀ ਪਛਾਣ ਕਿਵੇਂ ਕੀਤੀ ਜਾਵੇ? ਮਾਹਿਰਾਂ ਅਨੁਸਾਰ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਗਏ ਅੰਬਾਂ 'ਤੇ ਕਾਲੇ ਧੱਬੇ ਅਤੇ ਤੇਜ਼ ਬਦਬੂ ਆ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਅੰਬਾਂ ਦੀ ਬਣਤਰ ਦੇਖੋ ਅਤੇ ਉਹਨਾਂ ਦਾ ਰੰਗ ਦੇਖੋ। ਜੇਕਰ ਇਹ ਬਹੁਤ ਜ਼ਿਆਦਾ ਪੀਲਾ ਦਿਖਾਈ ਦਿੰਦਾ ਹੈ, ਤਾਂ ਤੁਹਾਨੂੰ ਅਜਿਹੇ ਅੰਬ ਖਰੀਦਣ ਤੋਂ ਬਚਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਜੇਕਰ ਤੁਸੀਂ ਅੰਬ ਖਰੀਦ ਰਹੇ ਹੋ ਅਤੇ ਉਹ ਕੁਝ ਹੀ ਦਿਨਾਂ 'ਚ ਖਰਾਬ ਹੋ ਰਹੇ ਹਨ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਅੰਬਾਂ ਨੂੰ ਕੈਮੀਕਲ ਦੀ ਵਰਤੋਂ ਕਰਕੇ ਪਕਾਇਆ ਗਿਆ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸਵਾਦ ਵੀ ਅਜੀਬ ਲੱਗਦਾ ਹੈ ਤਾਂ ਇਹ ਕੈਲਸ਼ੀਅਮ ਕਾਰਬਾਈਡ ਕਾਰਨ ਹੋ ਸਕਦਾ ਹੈ। ਇਸ ਲਈ ਅੰਬਾਂ ਨੂੰ ਸਾਵਧਾਨੀ ਨਾਲ ਖਰੀਦੋ।