ਨਵੀਂ ਦਿੱਲੀ: ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਕਿਤੇ ਸੌਣ ਤਾਂ ਨਹੀਂ ਚਲੇ ਜਾਂਦੇ? ਕੀ ਤੁਸੀਂ ਜ਼ਿਆਦਾਤਰ ਗੁੱਸੇ 'ਚ ਹੀ ਸੌਂਦੇ ਹੋ? ਜੇਕਰ ਹਾਂ, ਤਾਂ ਤੁਹਾਡੀ ਇਹ ਆਦਤ ਸਿਹਤ ਵੀ ਖਰਾਬ ਕਰ ਸਕਦੀ ਹੈ। ਇਸ ਬਾਰੇ ਹੋਈ ਨਵੀਂ ਰਿਸਰਚ ਦੇ ਖੁਲਾਸੇ ਪੜ੍ਹੋ:

ਇਸ ਰਿਸਰਚ 'ਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਗੁੱਸੇ 'ਚ ਨੀਂਦ ਲੈਣ ਲੱਗ ਪੈਂਦੇ ਹੋ ਤਾਂ ਤੁਸੀ ਚਿੜਚਿੜੇ ਹੋ ਸਕਦੇ ਹੋ। ਮਤਲਬ ਉੱਠਣ ਤੋਂ ਬਾਅਦ ਤੁਹਾਡਾ ਮੂਡ ਠੀਕ ਨਹੀਂ ਰਹੇਗਾ। ਆਓਵਾ ਸਟੇਟ ਯੂਨੀਵਰਸਿਟੀ ਦੇ ਮਨੋਵਿਗਿਆਨੀਆਂ ਨੇ 436 ਲੋਕਾਂ 'ਤੇ ਰਿਸਰਚ ਕੀਤੀ ਹੈ। ਇਸ ਅਧਾਰ 'ਤੇ ਇਹ ਨਤੀਜੇ ਨਿਕਲੇ ਹਨ। ਇਸ ਰਿਸਰਚ 'ਚ ਲੋਕਾਂ ਦੀ ਨੀਂਦ ਤੇ ਗੁੱਸੇ ਨੂੰ ਅਧਾਰ ਬਣਾਇਆ ਗਿਆ ਸੀ।

ਰਿਸਰਚ 'ਚ ਪਤਾ ਲੱਗਿਆ ਕਿ ਆਮ ਤੌਰ 'ਤੇ ਜਦੋਂ ਲੋਕਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਸੌ ਜਾਂਦੇ ਹਨ। ਇਹ ਥੋੜਾ ਅਜੀਬ ਜ਼ਰੂਰ ਹੈ ਪਰ ਹੈ ਸੱਚ। ਪਹਿਲਾਂ ਕੀਤੀ ਰਿਸਰਚ 'ਚ ਇਹ ਪਤਾ ਲੱਗਿਆ ਸੀ ਕਿ ਨੀਂਦ ਦੀ ਘਾਟ ਕਾਰਨ ਲੋਕਾਂ 'ਚ ਜ਼ਿਆਦਾ ਗੁੱਸਾ ਹੁੰਦਾ ਹੈ। ਰਿਸਰਚ 'ਚ ਪਤਾ ਲੱਗਿਆ ਕਿ ਕੁੱਝ ਲੋਕ ਗੁੱਸੇ 'ਚ ਸੌਂਦੇ ਨਹੀਂ, ਉਨ੍ਹਾਂ ਦੇ ਦਿਮਾਗ 'ਚ ਲਗਾਤਾਰ ਗੱਲਾਂ ਚਲਦੀਆਂ ਹੀ ਰਹਿੰਦੀਆਂ ਹਨ। ਗੁੱਸੇ ਦੌਰਾਨ ਉਨ੍ਹਾਂ ਦੇ ਦਿਲ ਦੀ ਧੜਕਣ ਵੀ ਵਧ ਜਾਂਦੀ ਹੈ, ਜਿਸ ਨਾਲ ਨੀਂਦ ਨਹੀਂ ਆਉਂਦੀ। ਇਸ ਦਾ ਮਤਲਬ ਇਹ ਵੀ ਨਹੀਂ ਕਿ ਗੁੱਸੇ 'ਚ ਲਈ ਗਈ ਨੀਂਦ ਕਾਰਨ ਤੁਹਾਡੇ 'ਤੇ ਇਸ ਦਾ ਬੜਾ ਜ਼ਿਆਦਾ ਅਸਰ ਹੋਵੇਗਾ।

ਰਿਸਰਚ ਲਈ ਲੋਕਾਂ ਨੂੰ ਤਿੰਨ ਗਰੁੱਪਾਂ 'ਚ ਵੰਡਿਆ ਗਿਆ ਸੀ। ਪਹਿਲੇ ਗਰੁੱਪ 'ਚ ਉਨ੍ਹਾਂ ਲੋਕਾਂ ਨੂੰ ਰੱਖਿਆ ਗਿਆ ਜਿਨ੍ਹਾਂ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ। ਦੂਜੇ ਗਰੁੱਪ 'ਚ ਘੱਟ ਗੁੱਸੇ ਵਾਲੇ ਲੋਕਾਂ ਨੂੰ ਰੱਖਿਆ ਗਿਆ ਤੇ ਤੀਜੇ 'ਚ ਉਹ ਸੀ ਜਿਹੜੇ ਆਪਣੇ ਗੁੱਸੇ 'ਤੇ ਕੰਟਰੋਲ ਕਰ ਸਕਦੇ ਹਨ। ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ ਲੋਕਾਂ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਉਨ੍ਹਾਂ ਦੀ ਨੀਂਦ ਬਾਕੀ ਗਰੁੱਪ ਦੇ ਲੋਕਾਂ ਦੇ ਮੁਕਾਬਲੇ ਚੰਗੀ ਨਹੀਂ ਸੀ। ਅਜਿਹੇ 'ਚ ਜੇਕਰ ਤੁਹਾਨੂੰ ਬਹੁਤ ਗੁੱਸਾ ਆਵੇ ਤਾਂ ਸੌਣ ਦੀ ਥਾਂ ਕੁਝ ਦੇਰ ਬੈਠ ਕੇ ਗੱਲਾਂ ਕਰੋ।

ਚੰਗੀ ਨੀਂਦ ਦੇ ਸੌਖੇ ਤਰੀਕੇ

  • ਆਪਣੇ ਆਪ ਨੂੰ ਪੂਰੇ ਹਫਤੇ ਤੱਕ ਆਰਾਮ ਕਰਨ ਦਾ ਸਮਾਂ ਦਿਓ।


 

  • ਕੋਸ਼ਿਸ਼ ਕਰੋ ਕਿ ਸੌਣ ਦੇ ਟਾਈਮ ਤੋਂ ਇੱਕ ਘੰਟਾ ਪਹਿਲਾਂ ਬਿਸਤਰੇ 'ਤੇ ਚਲੇ ਜਾਓ। ਆਰਾਮ ਕਰਦੇ ਵੇਲੇ ਟੈਕਨੌਲਜੀ ਦਾ ਇਸਤੇਮਾਲ ਨਾ ਕਰੋ।


 

  • 4 ਵਜੇ ਤੋਂ ਬਾਅਦ ਕੌਫੀ ਪੀਣ ਤੋਂ ਬਚੋ।


 

  • ਸੌਣ ਤੋਂ ਪਹਿਲਾਂ ਡ੍ਰਿੰਕ ਨਾ ਕਰੋ।


 

  • ਫੋਨ ਨੂੰ ਸਾਇਲੰਟ ਕਰਕੇ ਅਰਾਮ ਨਾਲ ਸੌ ਜਾਓ।


 

ਨੋਟ: ਇਹ ਰਿਸਰਚ ਦੇ ਦਾਅਵੇ ਹਨ। 'ਏਬੀਪੀ ਸਾਂਝਾ' ਨੇ ਇਨ੍ਹਾਂ ਦਾਅਵਿਆਂ ਦੀ ਪੜਚੋਲ ਨਹੀਂ ਕੀਤੀ। ਜੇਕਰ ਤੁਸੀਂ ਕਿਸੇ ਵੀ ਗੱਲ 'ਤੇ ਅਮਲ ਕਰਨਾ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।