ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਖਰੀਦੀ 12 ਕਰੋੜੀ ਮਰਸਿਡੀਜ਼ ਮੇਅਬੈਕ ਬਾਰੇ ਛਿੜੀ ਚਰਚਾ ਮਗਰੋਂ ਸਰਕਾਰ ਨੇ ਸਫਾਈ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਨਵੀਂ ਕਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਫ਼ਰੀ ’ਚ ਕੋਈ ਅਪਗ੍ਰੇਡੇਸ਼ਨ ਨਹੀਂ ਬਲਕਿ ਰੁਟੀਨ ਤਬਦੀਲੀ ਹੈ ਕਿਉਂਕਿ ਬੀਐਮਡਬਲਿਊ ਨੇ ਪ੍ਰਧਾਨ ਮੰਤਰੀ ਲਈ ਵਰਤੇ ਜਾਂਦੇ ਵਾਹਨਾਂ ਦੇ ਮਾਡਲ ਬਣਾਉਣੇ ਬੰਦ ਕਰ ਦਿੱਤੇ ਹਨ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ 'ਚ ਹੁਣ ਇੱਕ ਨਵੀਂ ਕਾਰ ਸ਼ਾਮਲ ਹੋ ਗਈ ਹੈ। ਇਹ ਕਾਰ Mercedes-Maybach S 650 Guard ਹੈ। ਇਹ ਬਹੁਤ ਸੁਰੱਖਿਅਤ ਕਾਰ ਹੈ। ਰਿਪੋਰਟਾਂ ਮੁਤਾਬਕ ਨਾ ਤਾਂ ਕਾਰ 'ਤੇ ਗੋਲੀ ਦਾ ਕੋਈ ਅਸਰ ਹੁੰਦਾ ਹੈ ਤੇ ਨਾ ਹੀ ਬੰਬ ਧਮਾਕੇ ਦਾ। ਚਰਚਾ ਹੈ ਕਿ ਇਸ ਨੂੰ ਪੀਐਮ ਮੋਦੀ ਦੇ ਦੌਰੇ ਦੌਰਾਨ ਸੁਰੱਖਿਆ ਨੂੰ ਹੋਰ ਵਧਾਉਣ ਲਈ ਲਿਆਂਦਾ ਗਿਆ ਹੈ।
ਇਸ ਕਾਰ ਬਾਰੇ ਸੋਸ਼ਲ ਮੀਡੀਆ ਉੱਪਰ ਖੂਬ ਚਰਚਾ ਚੱਲ ਰਹੀ ਹੈ। ਇਸ ਲਈ ਹੁਣ ਸਰਕਾਰ ਨੇ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ਅਧਿਕਾਰਤ ਸੂਤਰ ਨੇ ਕਿਹਾ, ‘‘ਇਨ੍ਹਾਂ ਕਾਰਾਂ ਦੀ ਕੀਮਤ ਮੀਡੀਆ ਵਿੱਚ ਚੱਲ ਰਹੀ ਚੁੰਝ-ਚਰਚਾ ਨਾਲੋਂ ਕਿਤੇ ਘੱਟ ਹੈ। ਮੀਡੀਆ ਨੇ ਜਿਹੜੀ ਕੀਮਤ ਦਾ ਹਵਾਲਾ ਦਿੱਤਾ ਹੈ, ਉਸ ਤੋਂ ਇਨ੍ਹਾਂ ਦੀ ਕੀਮਤ ਇੱਕ ਤਿਹਾਈ ਹੈ।’’
ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀਆਂ ਰਿਪੋਰਟਾਂ ਵਿੱਚ ਮੇਅਬੈਕ ਕਾਰ ਦੀ ਕੀਮਤ 12 ਕਰੋੜ ਤੋਂ ਵੱਧ ਦੱਸੀ ਗਈ ਹੈ। ਸੂਤਰਾਂ ਨੇ ਕਿਹਾ ਕਿ ਐਸਪੀਜੀ ਸੁਰੱਖਿਆ ਤਹਿਤ ਕਿਸੇ ਵੀਆਈਪੀ ਦੇ ਸੁਰੱਖਿਆ ਅਮਲੇ ਵਿੱਚ ਤਾਇਨਾਤ ਵਾਹਨਾਂ ਨੂੰ ਛੇ ਸਾਲਾਂ ਮਗਰੋਂ ਬਦਲਣ ਦਾ ਨੇਮ ਹੈ ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਪੁਰਾਣੀਆਂ ਕਾਰਾਂ ਨੂੰ 8 ਸਾਲਾਂ ਤੱਕ ਵਰਤਿਆ ਗਿਆ। ਆਡਿਟ ਦੌਰਾਨ ਇਸ ਤੱਥ ਨੂੰ ਲੈ ਕੇ ਵੱਡਾ ਇਤਰਾਜ਼ ਜਤਾਇਆ ਗਿਆ ਤੇ ਕਿਹਾ ਗਿਆ ਕਿ ਇਹ ਵੀਆਈਪੀ ਦੀ ਸੁਰੱਖਿਆ ਨਾਲ ਸਮਝੌਤਾ ਹੋ ਸਕਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਖਾਸ ਕਾਰ ਨੂੰ ਵਰਤਣ ਦੀ ਤਰਜੀਹ ਨਹੀਂ ਦਿੱਤੀ ਜਦੋਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬੀਤੇ ਵਿੱਚ ਰੇਂਜ ਰੋਵਰ ਵਰਤਦੇ ਰਹੇ ਹਨ, ਜੋ ਉਸ ਵੇਲੇ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਲਈ ਖਰੀਦੀਆਂ ਗਈਆਂ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਬੀਤੇ ਵਿੱਚ ਬੀਐਮਡਬਲਿਊ ਵੱਲੋਂ ਨਿਰਮਤ ਕਾਰਾਂ ਵੀ ਵਰਤਦੇ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਵਾਹਨਾਂ ਦੀ ਖਰੀਦ ਕਿਸੇ ਵੀਆਈਪੀ ਨੂੰ ਦਰਪੇਸ਼ ਖ਼ਤਰੇ ਤੇ ਉਸ ਦੀ ਸੁਰੱਖਿਆ ਦੇ ਲਿਹਾਜ਼ ਤੋਂ ਕੀਤੀ ਜਾਂਦੀ ਹੈ। ਇਹ ਫੈਸਲਾ ਐਸਪੀਜੀ ਵੱਲੋਂ ਖੁ਼ਦ ਲਿਆ ਜਾਂਦਾ ਹੈ ਤੇ ਇਸ ਵਿੱਚ ਸੁਰੱਖਿਆ ਲੈਣ ਵਾਲੇ ਸਬੰਧਤ ਵਿਅਕਤੀ ਦਾ ਕੋਈ ਦਖ਼ਲ ਨਹੀਂ ਹੁੰਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904