ਲੰਡਨ: ਸਮਾਰਟ ਫੋਨ ਵਰਤਣ ਵਾਲੇ ਅੱਲ੍ਹੜ ਅਤੇ ਉਨ੍ਹਾਂ ਦੇ ਮਾਪੇ ਖ਼ਬਰਦਾਰ ਹੋ ਜਾਣ ਕਿਉਂਕਿ ਸਮਾਰਟ ਫੋਨਾਂ ਨੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਬਰਤਾਨੀਆ ’ਚ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਜ਼ਾਹਰ ਹੋਇਆ ਹੈ ਕਿ ਨੌਜਵਾਨ ਰਾਤ ਨੂੰ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ ਜਾਂ ਨਿੱਜੀ ਈਮੇਲਾਂ ਦੇਖਦੇ ਹਨ ਜਿਸ ਨਾਲ ਉਨ੍ਹਾਂ ਦੀ ਰਾਤ ਦੀ ਨੀਂਦ ’ਤੇ ਬੁਰਾ ਅਸਰ ਪੈਂਦਾ ਹੈ।

ਯੂਕੇ ਮੋਬਾਈਲ ਕੰਜ਼ਿਊਮਰ ਸਰਵੇਖਣ 2016 ਮੁਤਾਬਕ ਯੂਕੇ ਦੇ ਨਾਗਰਿਕ ਦਿਨ ’ਚ ਇਕ ਅਰਬ ਤੋਂ ਵੱਧ ਵਾਰ ਆਪਣੇ ਸਮਾਰਟ ਫੋਨਾਂ ਨੂੰ ਦੇਖਦੇ ਹਨ। ਸਰਵੇਖਣ ਦੌਰਾਨ ਪਾਇਆ ਗਿਆ ਕਿ 18 ਤੋਂ 24 ਵਰ੍ਹਿਆਂ ਦੇ ਨੌਜਵਾਨ ਅੱਧੀ ਰਾਤ ਵੇਲੇ ਆਪਣੇ ਫੋਨ ਨੂੰ ਚੈੱਕ ਕਰਦੇ ਹਨ।

ਖੋਜੀਆਂ ਦਾ ਕਹਿਣਾ ਹੈ ਕਿ ਸਮਾਰਟ ਫੋਨ ਨਿੱਜੀ ਵਰਤੋਂ ਲਈ ਹੁੰਦੇ ਹਨ ਪਰ ਇਨ੍ਹਾਂ ਦਾ ਅਸਰ ਉਨ੍ਹਾਂ ਨਾਲ ਰਹਿੰਦੇ ਲੋਕਾਂ ’ਤੇ ਵੀ ਪੈਂਦਾ ਹੈ। ਹਰ 10ਵਾਂ ਨੌਜਵਾਨ ਸਵੇਰੇ ਉੱਠਣ ਸਾਰ ਪਹਿਲਾਂ ਆਪਣਾ ਫੋਨ ਚੈੱਕ ਕਰਦਾ ਹੈ। ਖੋਜੀਆਂ ਮੁਤਾਬਕ ਰਾਤ ਨੂੰ ਚੰਗੀ ਨੀਂਦ ਆਉਣ ਦੇ ਸਰੀਰਕ ਅਤੇ ਮਾਨਸਿਕ ਲਾਭ ਜ਼ਿਆਦਾ ਹੁੰਦੇ ਹਨ ਪਰ ਜੇਕਰ ਸੌਣ ਤੋਂ ਪਹਿਲਾਂ ਫੋਨ ਦੇਖੋਗੇ ਤਾਂ ਇਸ ਨਾਲ ਦਿਮਾਗ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਇੰਜ ਜਾਪਦਾ ਹੈ ਕਿ ਅਜੇ ਰਾਤ ਨਹੀਂ ਹੋਈ।

ਸਰਵੇਖਣ ਮੁਤਾਬਕ ਸਮਾਰਟ ਫੋਨ ਸਮਾਜਿਕ ਤੌਰ ’ਤੇ ਜੀਵਨ ’ਚ ਸੁਧਾਰ ਲਿਆਂਦਾ ਹੈ ਪਰ ਇਸ ਦੀ ਵਾਧੂ ਵਰਤੋਂ ਨਾਲ ਸਮਾਜ ਵਿਰੋਧੀ ਹੋਣ ਅਤੇ ਬਹਿਸ ਦੀ ਆਦਤ ਬਣ ਜਾਣ ਦਾ ਖ਼ਦਸ਼ਾ ਵੱਧ ਜਾਂਦਾ ਹੈ।