ਚੰਡੀਗੜ੍ਹ: ਤੇਜ਼ਾਬ ਅਤੇ ਖਾਰ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਹਰ ਵਿਅਕਤੀ ਨੂੰ ਹੁੰਦੀ ਹੈ। ਮਿਸਾਲ ਵਜੋਂ ਨਿੰਬੂ ਦਾ ਰਸ ਅਤੇ ਸਿਰਕਾ ਹਲਕੇ ਤੇਜ਼ਾਬ ਹਨ। ਇਨ੍ਹਾਂ ਦਾ ਸੁਆਦ ਖੱਟਾ ਹੁੰਦਾ ਹੈ। ਇਨ੍ਹਾਂ ਦੇ ਉਲਟ ਖਾਰ ਹਨ। ਇਨ੍ਹਾਂ ਦਾ ਸਵਾਦ ਕੌੜਾ ਹੁੰਦਾ ਹੈ। ਦੰਦਾਂ ਦੀ ਸਫ਼ਾਈ ਲਈ ਵਰਤਿਆ ਜਾਂਦਾ ਟੁੱਥਪੇਸਟ ਵੀ ਖਾਰਾ ਹੁੰਦਾ ਹੈ। ਇਸ ਨਾਲ ਦੰਦਾਂ ਵਿੱਚ ਤੇਜ਼ਾਬੀ ਮਾਦਾ ਖ਼ਤਮ ਹੋ ਜਾਂਦਾ ਹੈ ਦੰਦਾਂ ਨੂੰ ਨੁਕਸਾਨ ਨਹੀਂ ਹੁੰਦਾ।


ਮਿੱਠਾ ਸੋਡਾ ਖਾਰ ਹੈ ਜਿਸ ਨੂੰ ਅਸੀਂ ਰਸੋਈ ਵਿੱਚ ਅਕਸਰ ਵਰਤਦੇ ਹਾਂ। ਤੇਜ਼ਾਬ ਖਾਰ ਨਾਲ ਕਿਰਿਆ ਕਰ ਕੇ ਲੂਣ ਬਣਾਉਂਦੇ ਹਨ। ਇਨ੍ਹਾਂ ਦਾ ਸੁਭਾਅ ਨਾ ਖਾਰੀ ਹੁੰਦਾ ਹੈ ਤੇ ਨਾ ਹੀ ਤੇਜ਼ਾਬੀ। ਭੋਜਨ ਨੂੰ ਹਜ਼ਮ ਕਰਨ ਲਈ ਮਿਹਦੇ ਵਿੱਚ ਲੂਣ ਦਾ ਤੇਜ਼ਾਬ ਹੁੰਦਾ ਹੈ ਪਰ ਜੇ ਇਹ ਤੇਜ਼ਾਬ ਲੋੜ ਤੋਂ ਵੱਧ ਪੈਦਾ ਹੋ ਜਾਵੇ ਤਾਂ ਔਖ ਮਹਿਸੂਸ ਹੁੰਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਈਨੋ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਬਹੁਤਾ ਹਿੱਸਾ ਮਿੱਠੇ ਸੋਡੇ ਦਾ ਹੁੰਦਾ ਹੈ ਜਿਸ ਨੂੰ ਸੋਡੀਅਮ ਬਾਈ-ਕਾਰਬੋਨੇਟ ਕਿਹਾ ਜਾਂਦਾ ਹੈ।


ਸੋਡਾ ਤੇਜ਼ਾਬ ਨਾਲ ਮਿਹਦੇ ਵਿੱਚ ਕਿਰਿਆ ਕਰ ਕੇ ਤੇਜ਼ਾਬੀ ਮਾਦਾ ਘਟਾ ਦਿੰਦਾ ਹੈ ਅਤੇ ਸਾਨੂੰ ਰਾਹਤ ਮਹਿਸੂਸ ਹੁੰਦੀ ਹੈ। ਤੇਜ਼ਾਬ ਅਤੇ ਖਾਰ ਸੁਭਾਅ ਪੱਖੋਂ ਇੱਕ ਦੂਜੇ ਦੇ ਵਿਰੋਧੀ ਹਨ। ਸ਼ਹਿਦ ਦੀ ਮੱਖੀ ਅਤੇ ਭਰਿੰਡ ਦੇ ਡੰਗ ਦੀ ਤਕਲੀਫ਼ ਕਦੇ ਨਾ ਕਦੇ ਹਰ ਵਿਅਕਤੀ ਨੂੰ ਝੱਲਣੀ ਪੈਂਦੀ ਹੈ। ਤੇਜ਼ਾਬ ਅਤੇ ਖਾਰ ਵਾਲਾ ਹੱਲ ਇੱਥੇ ਵੀ ਕੰਮ ਕਰਦਾ ਹੈ।


ਸ਼ਹਿਦ ਦੀ ਮੱਖੀ ਦਾ ਡੰਗ ਤੇਜ਼ਾਬੀ ਹੁੰਦਾ ਹੈ। ਇਸ ਲਈ ਸਾਬਣ ਜਾਂ ਮਿੱਠੇ ਸੋਡੇ ਦੇ ਘੋਲ ਨੂੰ ਡੰਗ ਵਾਲੀ ਥਾਂ ’ਤੇ ਲਗਾ ਕੇ ਡੰਗ ਦੀ ਤਕਲੀਫ਼ ਤੋਂ ਛੁਟਕਾਰਾ ਮਿਲ ਜਾਂਦਾ ਹੈ। ਭਰਿੰਡ ਦਾ ਡੰਗ ਖਾਰੀ ਹੁੰਦਾ ਹੈ। ਇਸ ਦਾ ਪ੍ਰਭਾਵ ਨੂੰ ਹਲਕੇ ਤੇਜ਼ਾਬ ਭਾਵ ਨਿੰਬੂ ਦੇ ਰਸ ਜਾਂ ਸਿਰਕਾ ਲਗਾ ਕੇ ਖ਼ਤਮ ਕੀਤਾ ਜਾ ਸਕਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904