ਲੰਡਨ: ਓਨਟਾਰੀਓ ਸਥਿਤ ਇੱਕ ਨੇਲ ਸੈਲੂਨ ਦੇ ਗਾਹਕਾਂ ਨੂੰ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਖੂਨ ਨਾਲ ਸਬੰਧਤ ਇਨਫੈਕਸ਼ਨ ਹੋ ਸਕਦੀ ਹੈ। ਇੱਕ ਕਲਾਇੰਟ ਦਾ ਹੈਪੇਟਾਈਟਸ ਬੀ ਟੈਸਟ ਪਾਜ਼ੇਟਿਵ ਆਉਣ ਮਗਰੋਂ ਇਹ ਚੇਤਾਵਨੀ ਦਿੱਤੀ ਗਈ।

ਮਿਡਲਸੈਕਸ-ਲੰਡਨ ਹੈਲਥ ਯੂਨਿਟ ਵੱਲੋਂ ਬੁੱਧਵਾਰ ਨੂੰ ਵਾੲ੍ਹੀਟ ਓਕਸ ਮਾਲ ਵਿੱਚ ਸਥਿਤ ਕੈਲੀ ਨੇਲਜ਼ ਦੇ ਕਲਾਇੰਟਸ ਨੂੰ ਇਹ ਚੇਤਾਵਨੀ ਦਿੱਤੀ ਗਈ। ਇਹ ਵੀ ਆਖਿਆ ਗਿਆ ਕਿ ਇਨ੍ਹਾਂ ਸਾਰੇ ਕਲਾਇੰਟਾਂ ਨੂੰ ਆਪਣੇ ਡਾਕਟਰਾਂ ਨਾਲ ਸੰਪਰਕ ਕਰਨ ਤੋਂ ਬਾਅਦ ਆਪਣੇ ਐਚਆਈਵੀ, ਹੈਪੇਟਾਈਟਸ ਬੀ ਤੇ ਹੈਪੇਟਾਈਟਸ ਸੀ ਦੇ ਟੈਸਟ ਕਰਵਾਉਣੇ ਚਾਹੀਦੇ ਹਨ।

ਇਨਫੈਕਸ਼ੀਅਸ ਡਜ਼ੀਜ਼ ਕੰਟਰੋਲ ਟੀਮ ਦੀ ਹੈਲਥ ਯੂਨਿਟ ਦੀ ਮੈਨੇਜਰ ਮੈਰੀ ਲੂ ਅਲਬਾਨੀਜ਼ ਦਾ ਕਹਿਣਾ ਹੈ ਕਿ ਜਿਸ ਕਸਟਮਰ ਨੂੰ ਹੈਪੇਟਾਈਟਸ ਬੀ ਹੋਇਆ ਹੈ, ਉਹ ਮੈਨੀਕਿਓਰ ਤੇ ਪੈਡੀਕਿਓਰ ਲਈ ਇਸੇ ਸੈਲੂਨ ਗਿਆ ਸੀ।

ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਏਜੰਸੀ ਵੱਲੋਂ 4 ਮਈ, 2017 ਤੇ 5 ਜਨਵਰੀ, 2018 ਦਰਮਿਆਨ ਇਸ ਸੈਲੂਨ ਦਾ ਦੌਰਾ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਇਸ ਤਰ੍ਹਾਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।