ਚੰਡੀਗੜ੍ਹ: ਪਖਾਨੇ ਵਾਲੇ ਰਸਤੇ ਦੀ ਅੰਦਰਲੀ ਚਮੜੀ ਦੀ ਤਹਿ ਦਾ ਮਾਸ ਮੁੜ ਕੇ ਜਾਂ ਫੁੱਲ ਕੇ ਮੁੱਖ ਤੇ ਤਿੰਨ, ਚਾਰ ਜਾਂ ਪੰਜ ਦੂਜੇ ਦਰਜੇ ਦੇ ਉਭਾਰ ਪੈਦਾ ਕਰਦਾ ਹੈ, ਜਿਨ੍ਹਾਂ ਵਿੱਚੋਂ ਮੁੱਖ ਵਿੱਚ ਇੱਕ ਲਹੂ ਧਮਨੀ (ਆਰਟਰੀ) ਜਾਂ ਨਾੜ (ਵੇਨ) ਦੇ ਕਿਸੇ ਗੁੱਛੇ ਦੇ ਫੈਲ ਜਾਣ ਨੂੰ ਬਵਾਸੀਰ ਆਖਦੇ ਹਨ। ਜੇ ਮੌਹਕੇ ਗੁੱਦਾ ਦੇ ਅੰਦਰ ਹੋਣ ਉਨ੍ਹਾਂ ਨੂੰ ਅੰਦਰੂਨੀ ਤੇ ਜੇ ਬਾਹਰ ਹੋਣ ਤਾਂ ਉਨ੍ਹਾਂ ਨੂੰ ਬਾਹਰੀ ਬਵਾਸੀਰ ਕਿਹਾ ਜਾਂਦਾ ਹੈ। ਆਮ ਭਾਸ਼ਾ ਵਿੱਚ ਬਵਾਸੀਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਖ਼ੂਨੀ ਤੇ ਦੂਜੀ ਬਾਦੀ। ਖ਼ੂਨੀ ਬਵਾਸੀਰ ਵਿੱਚ ਪਖਾਨਾ ਜਾਣ ਵੇਲੇ ਜਾਂ ਵੈਸੇ ਵੀ ਖ਼ੂਨ ਆਉਂਦਾ ਹੈ ਤੇ ਬਾਦੀ ਵਿੱਚ ਮੌਹਕੇ ਮੋਟੇ ਮਾਸ ਵਾਲੇ ਹੁੰਦੇ ਹਨ। ਆਮ ਤੌਰ ’ਤੇ ਇਹ ਰੋਗ ਮਰਦਾਂ ਵਿੱਚ ਜ਼ਿਆਦਾ ਹੁੰਦਾ ਹੈ। ਔਰਤਾਂ ਵਿੱਚ ਗਰਭਵਤੀ ਅਵਸਥਾ ਵਿੱਚ ਜਾਂ ਜਣੇਪੇ ਤੋਂ ਬਾਅਦ ਇਹ ਰੋਗ ਹੋ ਸਕਦਾ ਹੈ।


ਕਾਰਨ : ਵੰਸ਼ ਪ੍ਰੰਪਰਾ, ਕਬਜ਼, ਸ਼ਰਾਬ, ਮੀਟ, ਤੰਬਾਕੂ, ਦਿਲ ਦੇ ਰੋਗ, ਫਾਸਟ ਫੂਡ, ਲਿਵਰ ਰੋਗ ਤੇ ਕਸਰਤ ਨਾ ਕਰਨਾ ਇਸ ਰੋਗ ਦੇ ਮੁੱਖ ਕਾਰਨ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਕਾਰਨ ਕਰਕੇ ਗੁੱਦਾ ਉੱਪਰੀ ਹਿੱਸੇ ਦਾ ਲਹੂ ਇੱਕ ਖ਼ਾਸ ਸਿਰਾ ਦੁਆਰਾ (ਪੋਰਟਲ ਵੇਨ) ਲਿਵਰ ਵਿੱਚ ਜਾਂਦਾ ਹੈ। ਕਿਸੇ ਵੀ ਕਾਰਨ ਕਰਕੇ ਪੋਰਟਲ ਵੇਨ ਵਿੱਚ ਜ਼ਿਆਦਾ ਦਬਾਅ ਕਾਰਨ, ਉਹ ਲਹੂ ਵਾਪਸ ਨਹੀਂ ਜਾਂਦਾ ਤੇ ਉਲਟਾ ਗੁੱਦਾ ਦੀਆਂ ਧਮਣੀਆਂ ਨੂੰ ਫੁਲਾ ਦਿੰਦਾ ਹੈ, ਤੋਂ ਬਵਾਸੀਰ ਦਾ ਅਰੰਭ ਹੁੰਦਾ ਹੈ।


ਇਲਾਜ: ਕੁਝ ਮਰੀਜ਼ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਸਭ ਦਵਾਈਆਂ ਵਰਤ ਲਈਆਂ ਪਰ ਇਹ ਰੋਗ ਠੀਕ ਨਹੀਂ ਹੁੰਦਾ। ਇਹ ਉਨ੍ਹਾਂ ਦੀ ਅਗਿਆਨਤਾ ਹੁੰਦੀ ਹੈ ਜਾਂ ਉਹ ਇਲਾਜ ਕਰਵਾਉਣ ਲਈ ਗ਼ਲਤ ਥਾਂ ’ਤੇ ਫਸ ਜਾਂਦੇ ਹਨ ਕਿਉਂਕਿ ਅੱਜ-ਕੱਲ੍ਹ ਬਹੁਤ ਲੋਕ ‘ਪੱਕੇ ਇਲਾਜ’ ਦੀ ਮਸ਼ਹੂਰੀ ਕਰਕੇ ਦੁਖੀ ਮਰੀਜ਼ਾਂ ਨੂੰ ਗ਼ਲਤ ਰਾਹ ਪਾਉਂਦੇ ਹਨ। ਇਸ ਬਿਮਾਰੀ ਦੇ ਇਲਾਜ ਵਿੱਚ ਕੱਚੇ ਜਾ ਪੱਕੇ ਦੀ ਕੋਈ ਥਾਂ ਨਹੀਂ ਹੁੰਦੀ।


ਬਵਾਸੀਰ ਦੀਆਂ ਵੱਖ-ਵੱਖ ਅਵਸਥਾਵਾਂ ਹੁੰਦੀਆਂ ਹਨ ਤੇ ਉਨ੍ਹਾਂ ਅਨੁਸਾਰ ਹੀ ਕੀਤਾ ਇਲਾਜ ਦਰੁਸਤ ਹੁੰਦਾ ਹੈ। ਪੱਕੇ ਇਲਾਜ ਦੀ ਮਸ਼ਹੂਰੀ ਕਰਨੀ ਤਾਂ ਮਰੀਜ਼ਾਂ ਦੀ ਭੀੜ ਵਧਾਉਣ ਲਈ ਧੋਖਾ ਹੈ। ਕੁਝ ਦਵਾਈਆਂ ਅਜਿਹੀਆਂ ਹਨ ਜੋ ਪੋਰਟਲ ਪਰੈਸਰ ਘੱਟ ਕਰਕੇ ਜਾਂ ਮੌਹਕਿਆਂ ਉੱਪਰ ਲਾ ਕੇ ਕੁਝ ਰਾਹਤ ਦਿੰਦੀਆਂ ਹਨ। ਤੀਜੀ ਜਾਂ ਚੌਥੀ ਅਵਸਥਾ ਵਿੱਚ ਤਾਂ ਆਮ ਤੌਰ ’ਤੇ ਅਪਰੇਸ਼ਨ ਦੀ ਸਲਾਹ ਦੇ ਦਿੱਤੀ ਜਾਂਦੀ ਹੈ ਪਰ ਇਸ ਥਾਂ ਸਰਜਰੀ ਵੀ ਬਹੁਤੀ ਵਾਰ ਪ੍ਰਭਾਵਸ਼ਾਲੀ ਨਹੀਂ ਰਹਿੰਦੀ ਕਿਉਂਕਿ ਇਨਫੈਕਸ਼ਨ ਦਾ ਜ਼ਿਆਦਾ ਡਰ ਰਹਿੰਦਾ ਹੈ ਜਾਂ ਭਗੰਦਰ ਹੋ ਜਾਂਦਾ ਹੈ। ਫਿਰ ਜ਼ਖ਼ਮ ਭਰਨ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ।


ਕਾਮਯਾਬ ਤੇ ਭਰੋਸੇਯੋਗ ਇਲਾਜ: ਬਵਾਸੀਰ ਦਾ ਅੱਜ ਤਕ ਦਾ ਸਭ ਤੋਂ ਕਾਮਯਾਬ ਤੇ ਭਰੋਸੇਯੋਗ ਇਲਾਜ ਕਸਾਰ ਸੂਤਰ ਹੀ ਹੈ। ਇਸ ਵਿੱਚ ਖ਼ੂਬੀ ਇਹ ਹੈ ਕਿ ਇਸ ਨਾਲ ਉਸਮਾ ਕੱਟਣ ਤੇ ਜਖ਼ਮ ਠੀਕ ਹੋਣ ਦਾ ਕੰਮ ਨਾਲੋਂ ਨਾਲ ਹੋ ਜਾਂਦਾ ਹੈ। ਇਨਫੈਕਸ਼ਨ ਫੈਲਣ ਜਾਂ ਹੋਰ ਬਿਮਾਰੀ ਹੋਣ ਦਾ ਡਰ ਵੀ ਨਹੀਂ ਰਹਿੰਦਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904